ਘਰ ''ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਫਟਿਆ ਗੈਸ ਸਿਲੰਡਰ

02/05/2018 7:28:23 AM

ਬੇਗੋਵਾਲ, (ਰਜਿੰਦਰ)- ਕਸਬਾ ਬੇਗੋਵਾਲ ਦੇ ਰਿਹਾਇਸ਼ੀ ਇਲਾਕੇ ਦੇ ਇਕ ਘਰ ਵਿਚ ਅੱਜ ਸਵੇਰੇ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋਣ ਤੋਂ ਬਾਅਦ ਨੇੜੇ ਪਏ ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਹੋਏ ਵੱਡੇ ਧਮਾਕੇ ਨਾਲ ਫਟ ਗਿਆ। ਜਿਸ ਦੌਰਾਨ ਘਰ ਨੂੰ ਅੱਗ ਲੱਗ ਗਈ, ਜਦਕਿ ਆਸੇ-ਪਾਸੇ ਦੇ ਹੋਰਨਾਂ ਘਰਾਂ ਦੀਆਂ ਇਮਾਰਤਾਂ ਵੀ ਸਿਲੰਡਰ ਧਮਾਕੇ ਦੇ ਝਟਕੇ ਨਾਲ ਨੁਕਸਾਨੀਆਂ ਗਈਆਂ। 
ਜਾਣਕਾਰੀ ਅਨੁਸਾਰ ਕਸਬਾ ਬੇਗੋਵਾਲ ਦੇ ਵਾਰਡ ਨੰ. 10 ਦੇ ਇਕ ਘਰ ਵਿਚ ਸਵੇਰੇ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਹੋਣ ਤੋਂ ਬਾਅਦ ਨੇੜੇ ਪਏ ਸਿਲੰਡਰ ਦੀ ਗੈਸ ਲੀਕੇਜ ਕਾਰਨ ਅੱਗ ਲੱਗਣ ਉਪਰੰਤ ਵੱਡਾ ਧਮਾਕਾ ਹੋਇਆ ਤੇ ਘਰ ਵਿਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਮੌਕੇ 'ਤੇ ਥਾਣਾ ਬੇਗੋਵਾਲ ਦੇ ਐੱਸ. ਐੱਚ. ਓ. ਸੁਖਬੀਰ ਸਿੰਘ, ਏ. ਐੱਸ. ਆਈ. ਸੁਖਵਿੰਦਰ ਸਿੰਘ, ਏ. ਐੱਸ. ਆਈ. ਲਖਵਿੰਦਰ ਸਿੰਘ ਪੁਲਸ ਪਾਰਟੀ ਨਾਲ ਪੁੱਜੇ। ਜਿਨ੍ਹਾਂ ਮੌਕੇ 'ਤੇ ਫੋਨ ਕਰ ਕੇ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਈ। ਜਿਸ ਦੇ ਆਉਣ ਤੋਂ ਬਾਅਦ ਅੱਗ ਦੀਆਂ ਲਪਟਾਂ 'ਤੇ ਕਾਬੂ ਪਾਇਆ ਗਿਆ। ਅੱਗ ਦੀਆਂ ਲਪਟਾਂ ਦੇ ਬੁਝਣ ਤਕ ਘਰ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। 
ਘਰ ਦੇ ਮਾਲਕ ਰੂਪ ਲਾਲ ਪੁੱਤਰ ਹਰਨਾਮ ਦਾਸ ਨੇ ਦੱਸਿਆ ਕਿ ਮੇਰੇ ਤਿੰਨ ਲੜਕੇ ਹਨ, ਜਿਨ੍ਹਾਂ ਵਿਚੋਂ ਦੋ ਲੜਕੇ ਨਾਲ ਅੱਡ ਕਮਰਿਆਂ ਵਿਚ ਰਹਿੰਦੇ ਹਨ। ਅੱਜ ਮੇਰੇ ਦੋਵੇਂ ਲੜਕੇ ਅਤੇ ਮੇਰੀਆਂ ਦੋਵੇਂ ਨੂੰਹਾਂ ਘਰ ਦੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਾ ਕੇ ਦਿਹਾੜੀ ਕਰਨ ਲਈ ਗਈਆਂ ਸਨ, ਜਿਸ ਪਿਛੋਂ ਕਰੀਬ ਸਾਢੇ 9 ਵਜੇ ਮੈਂ ਘਰ ਦੇ ਨੇੜੇ ਹੀ ਸੀ, ਮੈਂ ਦੇਖਿਆ ਕਿ ਘਰ ਅੰਦਰੋਂ ਧੂੰਆਂ ਨਿਕਲਿਆ ਤੇ ਥੋੜ੍ਹੀ ਹੀ ਦੇਰ ਵਿਚ ਸਿਲੰਡਰ ਫਟਣ ਦੀ ਆਵਾਜ਼ ਆਈ। ਜਿਸ ਉਪਰੰਤ ਸਿਲੰਡਰ ਦੀ ਗੈਸ ਨਾਲ ਅੱਗ ਦੀਆਂ ਲਪਟਾਂ ਬਾਹਰ ਤਕ ਆ ਗਈਆਂ। 
ਇਸ ਸਮੇਂ ਅੱਗ ਨਾਲ ਹੋਏ ਨੁਕਸਾਨ ਦਾ ਕਾਂਗਰਸੀ ਨੇਤਾ ਜਸਕੁੰਵਰ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਗਰੀਬ ਪਰਿਵਾਰ ਹੈ, ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਨ੍ਹਾਂ ਦੀ ਬਣਦੀ ਸਹਾਇਤਾ ਕੀਤੀ ਜਾਵੇਗੀ।