ਸ਼ਾਰਟ ਸਰਕਟ ਕਾਰਨ ਬੈਂਕ ''ਚ ਲੱਗੀ ਅੱਗ, ਸਾਮਾਨ ਤੇ ਰਿਕਾਰਡ ਸੜ ਕੇ ਸੁਆਹ

07/15/2019 4:21:07 PM

ਬੰਗਾ (ਚਮਨ ਲਾਲ/ਰਾਕੇਸ਼) : ਅੱਜ ਬੰਗਾ-ਗੜ੍ਹਸ਼ੰਕਰ ਰੋਡ 'ਤੇ ਸਥਿਤ ਇੰਡੋਸਿੰਡ ਬੈਂਕ ਦੀ ਸ਼ਾਖਾ ਵਿਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਬੈਂਕ ਦੇ ਗਾਰਡ ਨੇ ਦੱਸਿਆ ਕਿ ਉਹ ਰਾਤ ਦੀ ਡਿਊਟੀ ਦੌਰਾਨ ਬੈਂਕ ਦੇ ਬਾਹਰ ਹਾਜ਼ਰ ਸੀ। ਸਵੇਰੇ 5.30 ਵਜੇ ਉਸ ਨੇ ਬੈਂਕ ਦੇ ਅੰਦਰ ਲੱਗੀ ਸੀਲਿੰਗ ਵਿਚੋਂ ਧੂੰਆਂ ਨਿਕਲਦਾ ਦੇਖਿਆ ਤੇ ਇਸ ਦੀ ਜਾਣਕਾਰੀ ਤੁਰੰਤ ਥਾਣਾ ਸਿਟੀ ਬੰਗਾ, ਫਾਇਰ ਬ੍ਰਿਗੇਡ ਨਵਾਂਸ਼ਹਿਰ ਦੇ ਨਾਲ-ਨਾਲ ਬੈਂਕ ਅਧਿਕਾਰੀਆਂ ਨੂੰ ਦਿੱਤੀ। ਕੁਝ ਕੁ ਮਿੰਟਾਂ 'ਚ ਨਵਾਂਸ਼ਹਿਰ ਤੋਂ ਫਾਇਰ ਬ੍ਰਿਗੇਡ ਪੁੱਜ ਗਈ। ਫਾਇਰ ਬ੍ਰਿਗੇਡ ਅਧਿਕਾਰੀ ਸ਼ਮਸ਼ੇਰ ਸਿੰਘ ਤੇ ਉਸ ਦੇ ਸਾਥੀ ਤਰਸੇਮ ਸਿੰਘ ਨੇ ਮੌਕੇ 'ਤੇ ਖੜ੍ਹੇ ਬੈਂਕ ਅਧਿਕਾਰੀਆਂ ਕੋਲੋਂ ਬੈਂਕ ਦੇ ਸ਼ਟਰ ਦੇ ਤਾਲੇ ਤੁੜਵਾ ਕੇ ਸ਼ਟਰ ਚੁੱਕ ਕੇ ਅੰਦਰ ਵੇਖਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ ਤੇ ਸਾਮਾਨ ਸੜ ਚੁੱਕਾ ਸੀ। 

ਮੌਕੇ 'ਤੇ ਖੜ੍ਹੇ ਬੈਂਕ ਦੇ ਡਿਪਟੀ ਬੈਂਕ ਮੈਨੇਜਰ ਜਗਦੀਪ ਤੋਖੀ, ਬੈਂਕ ਸਟਾਫ ਮੈਂਬਰ ਸੁਮਿਤ ਵਧਵਾ, ਵਨਿਸ਼ ਭਨੋਟ ਨੇ ਦੱਸਿਆ ਕਿ ਉਪਰੋਕਤ ਲੱਗੀ ਅੱਗ ਨਾਲ ਬੈਂਕ ਦਾ ਮੁੱਖ ਕਾਊਂਟਰ, ਏ. ਸੀ., ਬੈਂਕ ਰਿਕਾਰਡ ਤੇ ਫਰਨੀਚਰ ਆਦਿ ਦਾ ਨੁਕਸਾਨ ਹੋਇਆ ਹੈ ਜਦੋਂ ਕਿ ਕੈਸ਼ ਤੇ ਲਾਕਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਅੱਗ ਦੀ ਸੂਚਨਾ ਮਿਲਦੇ ਹੀ ਬੰਗਾ ਸਿਟੀ ਪੁਲਸ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਤੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Gurminder Singh

This news is Content Editor Gurminder Singh