ਦੁਕਾਨਦਾਰਾਂ ਨੇ ਕੱਢਿਆ ਰੋਸ ਮਾਰਚ, ਕੀਤੀ ਨਾਅਰੇਬਾਜ਼ੀ

03/06/2018 7:33:57 AM

ਕਪੂਰਥਲਾ, (ਗੁਰਵਿੰਦਰ ਕੌਰ)- ਨਗਰ ਕੌਂਸਲ ਵਲੋਂ ਸ਼ਹਿਰ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਦੇ ਖਿਲਾਫ ਨਾਜਾਇਜ਼ ਕਬਜ਼ਿਆਂ ਸਬੰਧੀ ਚਲਾਨ ਕਰਨ ਦੀ ਚਲਾਈ ਗਈ ਪ੍ਰੀਕਿਰਿਆ ਦੇ ਖਿਲਾਫ ਅੱਜ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਕੇ ਜਲੌਖਾਨਾ ਚੌਕ 'ਚ ਇਕੱਠੇ ਹੋਏ ਤੇ ਆਪਣੀਆਂ ਮੰਗਾਂ ਸਬੰਧੀ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਨਗਰ ਕੌਂਸਲ ਦੀ ਤਾਨਾਸ਼ਾਹੀ ਨੂੰ ਜਮ ਕੇ ਕੋਸਿਆ। ਇਸ ਤੋਂ ਬਾਅਦ ਸਮੂਹ ਦੁਕਾਨਦਾਰਾਂ ਵਲੋਂ ਜਲੌਖਾਨਾ ਚੌਕ ਤੋਂ ਲੈ ਕੇ ਡੀ. ਸੀ. ਦਫਤਰ ਤਕ ਰੋਸ ਮਾਰਚ ਕੱਢਿਆ ਗਿਆ। ਉਪਰੰਤ ਦੁਕਾਨਦਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੂੰ ਦਿੱਤਾ। ਇਸ ਦੌਰਾਨ ਡੀ. ਸੀ. ਤਇਅਬ ਨੇ ਦੁਕਾਨਦਾਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਜਲਦ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। 
ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਦੁਕਾਨਦਾਰਾਂ ਦੀ ਸਮੱਸਿਆ ਨੂੰ ਜਲਦ ਹੱਲ ਨਾ ਕੀਤਾ ਤਾਂ ਉਨ੍ਹਾਂ ਨੂੰ ਮਜਬੂਰਨ ਆਉਣ ਵਾਲੇ ਦਿਨਾਂ 'ਚ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਤੋਂ ਇਲਾਵਾ ਦੁਕਾਨਾਂ ਬੰਦ ਕਰ ਕੇ ਚਾਬੀਆਂ ਡੀ. ਸੀ. ਦਫਤਰ ਨੂੰ ਸੌਂਪੀਆਂ ਜਾਣਗੀਆਂ। 
ਸੰਬੋਧਨ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਯਸ਼ ਮਹਾਜਨ ਨੇ ਕਿਹਾ ਕਿ ਦੁਕਾਨਦਾਰਾਂ ਦੇ ਸਾਮਾਨ ਰੱਖਣ ਤੇ ਥੜ੍ਹੇ ਤੋੜਨ ਦੇ ਖਿਲਾਫ ਨਗਰ ਕੌਂਸਲ ਲਗਾਤਾਰ ਚਲਾਨ ਕਰ ਰਹੀ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਵਪਾਰ ਬਿਲਕੁੱਲ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 50 ਸਾਲਾਂ 'ਚ ਵੀ ਕਦੇ ਵੀ ਨਗਰ ਕੌਂਸਲ ਨੇ ਅਜਿਹਾ ਜ਼ੁਲਮ ਦੁਕਾਨਦਾਰਾਂ 'ਤੇ ਨਹੀਂ ਕੀਤਾ ਹੈ ਪਰ ਹਾਲ ਹੀ 'ਚ ਚਲਾਈ ਜਾ ਰਹੀ ਚਲਾਨ ਮੁਹਿੰਮ ਨੇ ਦੁਕਾਨਦਾਰਾਂ ਦੀ ਕਮਰ ਤੋੜ ਦਿੱਤੀ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਸਮੇਂ-ਸਮੇਂ 'ਤੇ ਮੰਗ ਕੀਤੀ ਜਾ ਰਹੀ ਹੈ ਕਿ ਦੁਕਾਨਦਾਰਾਂ ਨੂੰ ਸਾਮਾਨ ਰੱਖਣ ਲਈ ਪੀਲੀ ਲਾਈਨ ਲਾ ਕੇ ਦਿੱਤੀ ਜਾਵੇ ਪਰ ਇਸਦੇ ਉਲਟ ਨਗਰ ਕੌਂਸਲ ਵੱਲੋਂ ਅੰਨੇਵਾਹ ਚਲਾਨ ਕੱਟੇ ਜਾ ਰਹੇ ਹਨ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਚੌਪਟ ਹੋ ਗਿਆ ਹੈ ਤੇ ਬਾਜ਼ਾਰਾਂ 'ਚ ਗਾਹਕਾਂ ਦੀ ਭਾਰੀ ਕਮੀ ਦੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰਾਂ ਨੂੰ ਰਾਹਤ ਨਾ ਦਿੱਤੀ ਗਈ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। 
ਇਸ ਮੌਕੇ ਬਿਕਰਮ ਅਰੋੜਾ, ਕੰਵਰ ਇਕਬਾਲ ਸਿੰਘ, ਕੌਂਸਲਰ ਧਰਮਪਾਲ ਮਹਾਜਨ, ਗਰੀਸ਼ ਭਸੀਨ, ਸੁਖਪਾਲ ਸਿੰਘ ਭਾਟੀਆ, ਵਿਸ਼ਾਲ ਚੌਹਾਨ ਸੋਨੂੰ, ਗੁਰਪ੍ਰੀਤ ਸਿੰਘ ਸੋਨਾ, ਨਵਜੀਤ ਸਿੰਘ ਰਾਜੂ, ਨਰੇਸ਼ ਕਾਲੀਆ, ਜਸਵਿੰਦਰ ਸਿੰਘ ਭਾਟੀਆ, ਸਾਬਕਾ ਕੌਂਸਲਰ ਮਹਿੰਦਰ ਮਦਾਨ, ਪੰਕਜ ਆਨੰਦ, ਕੁਲਤਾਰ ਸਿੰਘ, ਵਿਨੇ ਕੁਮਾਰ ਜੈਨ, ਸੁਭਾਸ਼ ਸ਼ਰਮਾ, ਭੋਲਾ ਸਰਾਫ, ਮੁਕੇਸ਼ ਮੜੀਆ, ਵਿੱਕੀ ਸ਼ਰਮਾ, ਜੁਗਨੂੰ ਸ਼ਰਾਫ, ਸੁਰਿੰਦਰ ਬਜਾਜ, ਸਤੀਸ਼ ਮਹਾਜਨ, ਪ੍ਰਦੀਪ ਧਵਨ, ਵਿੱਕੀ ਸ਼ਰਮਾ, ਸੁਖਜੀਤ ਸਿੰਘ, ਨਰੇਸ਼ ਬਹਿਲ, ਅਸ਼ਵਨੀ ਰਾਜਪੂਤ, ਗੁਰਮੀਤ ਸਿੰਘ ਬਿੱਲਾ, ਬਿੱਟੂ ਜੈਨ, ਵਿੱਕੀ ਵਾਲੀਆ, ਵਿਸ਼ੂ ਮਹਾਜਨ, ਸੁਰੇਸ਼ ਭਸੀਨ, ਅਨਿਲ ਸੰਗੜ, ਬੋਹੜ ਸਿੰਘ, ਪ੍ਰਦੀਪ ਧਵਨ, ਹਰਜੀਤ, ਕਾਕਾ ਮਹਾਜਨ, ਨੱਥੂ ਰਾਮ ਮਹਾਜਨ, ਮਣੀ ਮਹਾਜਨ, ਸੋਨੂੰ, ਪ੍ਰਮੋਦ ਜੈਨ, ਚਰਨਜੀਤ ਚੌਹਾਨ, ਨਰੋਤਮ ਸ਼ਰਮਾ, ਰਾਕੇਸ਼ ਸੂਦ, ਵਿਸ਼ਾਲ ਮਹਾਜਨ, ਜਗਦੀਸ਼ ਮਹਾਜਨ, ਸੰਜੀਵ ਮਹਾਜਨ, ਸੰਨੀ ਆਦਿ ਹਾਜ਼ਰ ਸਨ।