ਦੁਕਾਨਦਾਰਾਂ ਨੇ ਮੁੜ ਕੀਤੇ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ

01/15/2018 4:00:05 AM

ਤਪਾ ਮੰਡੀ, (ਸ਼ਾਮ, ਗਰਗ)- ਮੰਡੀ 'ਚ ਟ੍ਰੈਫਿਕ ਜਾਮ ਦੀ ਸਮੱਸਿਆ ਗੰਭੀਰ ਹੋ ਗਈ ਹੈ। ਸ਼ਹਿਰ ਦੇ ਕੁਝ ਸਮਾਜ ਸੇਵੀ ਲੋਕਾਂ ਤੇ ਦੁਕਾਨਦਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਦਰ ਬਾਜ਼ਾਰ 'ਚ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਫਿਰ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਦੁਕਾਨਦਾਰਾਂ ਅਰੁਣ ਕੁਮਾਰ, ਸ਼ੰਟੀ ਅਰੋੜਾ, ਸੋਨੂੰ ਸਬਜ਼ੀ ਵਾਲਾ, ਬੰਟੀ ਮੋੜਾਂ ਵਾਲਾ, ਬਾਬੂ ਰਾਮ, ਸੋਮੀ ਆਦਿ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਨਗਰ ਕੌਂਸਲ ਦੇ ਅਧਿਕਾਰੀਆਂ-ਕਰਮਚਾਰੀਆਂ ਤੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਕੁਮਾਰ ਭੂਤ ਨੇ ਕੌਂਸਲਰਾਂ ਨੂੰ ਨਾਲ ਲੈ ਕੇ ਸਦਰ ਬਾਜ਼ਾਰ ਅੰਦਰੋਂ ਦੁਕਾਨਦਾਰਾਂ ਦਾ ਫੁੱਟਪਾਥ ਤੋਂ ਸਾਮਾਨ ਚੁਕਵਾਇਆ ਸੀ ਤੇ ਕਿਹਾ ਸੀ ਕਿ ਜੇ ਕਿਸੇ ਵੀ ਦੁਕਾਨਦਾਰ ਨੇ ਨਗਰ ਕੌਂਸਲ ਦੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਸਾਮਾਨ ਚੁੱਕ ਕੇ ਨਗਰ ਕੌਂਸਲ ਦਫਤਰ ਲਿਜਾਇਆ ਜਾਵੇਗਾ ਪਰ ਕੁਝ ਦੁਕਾਨਦਾਰਾਂ ਨੇ ਨਗਰ ਕੌਂਸਲ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਮੁੜ ਅੱਡੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਫਰਨੀਚਰ ਦੀ ਦੁਕਾਨ ਵਾਲੇ ਸੜਕ 'ਤੇ ਬਾਹਰ ਬੈੱਡ, ਮੇਜ਼ ਆਦਿ ਬਣਾਉਣ ਲੱਗ ਜਾਂਦੇ ਹਨ, ਜਿਸ ਨਾਲ ਸੜਕ 'ਤੇ ਮੇਖਾਂ, ਕਿੱਲ ਆਦਿ ਖਿੱਲਰ ਜਾਂਦੇ ਹਨ, ਜਿਸ ਕਾਰਨ ਸਮੱਸਿਆ ਤਾਂ ਆਉਂਦੀ ਹੀ ਹੈ ਤੇ ਨਾਲ ਹੀ ਸੜਕ ਤੋਂ ਲੰਘਣ ਵਾਲੇ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਆਦਿ ਦੇ ਟਾਇਰ ਮੇਖਾਂ ਕਾਰਨ ਪੰਕਚਰ ਹੋ ਜਾਂਦੇ ਹਨ। ਸਮਾਜ ਸੇਵੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਪ੍ਰਧਾਨ
ਇਸ ਸੰਬੰਧੀ ਨਗਰ ਕੌਂਸਲ ਤਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਭੂਤ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਕਰਮਚਾਰੀ ਪ੍ਰਾਪਰਟੀ ਟੈਕਸ ਭਰਵਾਉਣ 'ਚ ਰੁੱਝੇ ਹੋਏ ਹਨ। ਸਿਰਫ 4 ਦਿਨਾਂ ਤੋਂ ਬਾਅਦ ਜਿਹੜਾ ਵੀ ਦੁਕਾਨਦਾਰ ਨਾਜਾਇਜ਼ ਕਬਜ਼ਾ ਕਰ ਕੇ ਬੈਠਾ ਹੋਇਆ ਹੈ, ਉਸ ਦਾ ਸਾਮਾਨ ਚੁੱਕ ਕੇ ਕਮੇਟੀ 'ਚ ਲਿਜਾਇਆ ਜਾਵੇਗਾ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।