20 ਦੁਕਾਨਦਾਰਾਂ ਦੇ ਕੱਟੇ ਚਲਾਨ

Wednesday, Jul 26, 2017 - 05:25 AM (IST)

ਤਰਨਤਾਰਨ,   (ਰਮਨ)- ਸ਼ਹਿਰ 'ਚ ਹੋ ਰਹੀ ਨਿਯਮਾਂ ਦੀ ਉਲੰਘਣਾ ਨੂੰ ਨੱਥ ਪਾਉਣ ਲਈ ਅੱਜ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਸਹਾਇਕ ਕਮਿਸ਼ਨਰ ਪੀ. ਸੀ. ਐੱਸ. ਰਜਨੀਸ਼ ਅਰੋੜਾ ਦੀ ਅਗਵਾਈ 'ਚ ਬਣੀ ਟੀਮ ਨੇ ਸ਼ਹਿਰ 'ਚ ਵੱਡੇ ਲਾਮ-ਲਸ਼ਕਰ ਨਾਲ ਦੁਕਾਨਦਾਰਾਂ 'ਤੇ ਹੱਲਾ ਬੋਲ ਦਿੱਤਾ, ਜਿਸ ਨਾਲ ਸ਼ਹਿਰ ਦੇ ਸਮੂਹ ਦੁਕਾਨਦਾਰਾਂ 'ਚ ਸਹਿਮ ਦਾ ਮਾਹੌਲ ਪਾਇਆ ਗਿਆ। ਇਸ ਛਾਪੇਮਾਰੀ ਤੇ ਚੈਕਿੰਗ ਦੌਰਾਨ 2 ਨਾਬਾਲਗ ਲੇਬਰ ਕਰਦੇ ਪਾਏ ਗਏ ਅਤੇ ਨਗਰ ਕੌਂਸਲ ਵੱਲੋਂ ਕਰੀਬ 20 ਦੁਕਾਨਦਾਰਾਂ ਦੇ ਚਲਾਨ ਕੱਟੇ ਗਏ।
 ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਸਹਾਇਕ ਕਮਿਸ਼ਨਰ ਰਜਨੀਸ਼ ਅਰੋੜਾ ਦੀ ਅਗਵਾਈ 'ਚ ਲੇਬਰ ਵਿਭਾਗ, ਸਿਹਤ ਵਿਭਾਗ, ਜ਼ਿਲਾ ਬਾਲ ਸੁਰੱਖਿਆ ਵਿਭਾਗ, ਨਗਰ ਕੌਂਸਲ ਤੇ ਪੁਲਸ ਨੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ। ਇਹ ਆਪ੍ਰੇਸ਼ਨ ਸਰਹਾਲੀ ਰੋਡ ਤੋਂ ਸ਼ੁਰੂ ਹੋ ਕੇ ਤਹਿਸੀਲ ਚੌਕ, ਚਾਰ ਖੰਭਾ ਚੌਕ, ਬੋਹੜੀ ਚੌਕ, ਅੱਡਾ ਬਾਜ਼ਾਰ ਤੋਂ ਹੁੰਦਾ ਹੋਇਆ ਤਹਿਸੀਲ ਬਾਜ਼ਾਰ ਰਾਹੀਂ ਮੁੜ ਸਰਹਾਲੀ ਰੋਡ 'ਤੇ ਸਮਾਪਤ ਹੋਇਆ। ਇਸ ਆਪ੍ਰੇਸ਼ਨ ਦੌਰਾਨ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਮੌਕੇ 'ਤੇ ਹਟਾਇਆ ਗਿਆ।
ਇਸੇ ਤਰ੍ਹਾਂ ਸਹਾਇਕ ਕਮਿਸ਼ਨਰ ਰਜਨੀਸ਼ ਅਰੋੜਾ ਦੀ ਹਾਜ਼ਰੀ 'ਚ ਸ਼ਹਿਰ ਦੀਆਂ ਮਸ਼ਹੂਰ ਦੁਕਾਨਾਂ ਤੋਂ ਮਠਿਆਈਆਂ ਦੇ ਸੈਂਪਲ ਸਹਾਇਕ ਕਮਿਸ਼ਨਰ ਫੂਡ ਗੁਰਪ੍ਰੀਤ ਸਿੰਘ ਪੰਨੂ ਤੇ ਫੂਡ ਸੇਫਟੀ ਅਫਸਰ ਸਿਮਰਜੀਤ ਸਿੰਘ ਵੱਲੋਂ ਪਨੀਰ, ਗਰੇਵੀ, ਰਸਗੁੱਲੇ, ਬਰਫੀ ਆਦਿ ਦੇ 6 ਸੈਂਪਲ ਲਏ ਗਏ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਢਾਬਿਆਂ ਦੇ ਲਾਇਸੈਂਸ ਚੈੱਕ ਕੀਤੇ ਗਏ। ਇਸ ਮੁਹਿੰਮ ਦੌਰਾਨ ਸਥਾਨਕ ਬੋਹੜੀ ਚੌਕ ਨੇੜੇ ਮੌਜੂਦ ਇਕ ਹਲਵਾਈ ਦਾ ਵੱਡੀ ਮਾਤਰਾ 'ਚ ਨਾ ਖਾਣ ਯੋਗ ਸਾਮਾਨ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ। ਸਹਾਇਕ ਕਮਿਸ਼ਨਰ ਦੀ ਅਗਵਾਈ ਵਾਲੀ ਟੀਮ ਦਾ ਇਕ ਫਲ ਵਿਕ੍ਰੇਤਾ ਨਾਲ ਨਗਰ ਕੌਂਸਲ ਵੱਲੋਂ ਕੱਟੇ ਜਾਂਦੇ ਚਲਾਨ ਨੂੰ ਲੈ ਕੇ ਤਕਰਾਰ ਵੀ ਹੋ ਗਿਆ ਅਤੇ ਦੁਕਾਨਦਾਰ ਵੱਲੋਂ ਟੀਮ ਨਾਲ ਤੂੰ-ਤੂੰ ਮੈਂ-ਮੈਂ ਵੀ ਕੀਤੀ ਗਈ। ਸਹਾਇਕ ਕਮਿਸ਼ਨਰ (ਪੀ. ਸੀ. ਐੱਸ.) ਰਜਨੀਸ਼ ਅਰੋੜਾ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਦੁਕਾਨਦਾਰ ਪ੍ਰਸ਼ਾਸਨ ਨੂੰ ਸਹਿਯੋਗ ਦੇਣ। 


Related News