ਸੀਵਰੇਜ ਦਾ ਕੰਮ ਹੌਲੀ ਚੱਲਣ ਕਾਰਨ ਦੁਕਾਨਦਾਰਾਂ ਵਿਚ ਰੋਸ

11/19/2017 6:20:01 PM

ਬੋਹਾ (ਮਨਜੀਤ) : ਸਥਾਨਕ ਸ਼ਹਿਰ ਦੇ ਬੋਹਾ-ਰਤੀਆ ਮੇਨ ਰੋਡ 'ਤੇ ਚੱਲ ਰਹੇ ਸੀਵਰੇਜ ਦੇ ਕੰਮ ਹੌਲੀ ਹੋਣ ਕਾਰਨ ਸ਼ਹਿਰ ਵਾਸੀ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਸੰਬੰਧੀ ਸੁਪਰ ਮਾਰਕਿਟ ਦੇ ਦੁਕਾਨਦਾਰ ਸੁਰਿੰਦਰ ਕੁਮਾਰ, ਧਰਮਪਾਲ, ਕੌਂਸਲਰ ਜੀਤਾ ਰਾਮ, ਕੌਂਸਲਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਕ ਤਾਂ ਪਹਿਲਾਂ ਹੀ ਜੀ.ਐੱਸ.ਟੀ. ਅਤੇ ਨੋਟ ਬੰਦੀ ਕਾਰਨ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ, ਹੁਣ ਚੱਲ ਰਹੇ ਸੀਜ਼ਨ ਦੌਰਾਨ ਦੁਕਾਨਦਾਰਾਂ ਦੇ ਅੱਗੇ ਸੀਵਰੇਜ ਵਿਭਾਗ ਨੇ ਅੰਡਰ ਗਰਾਊਂਡ ਪਾਈਪਾਂ ਦਾ ਕੰਮ ਸ਼ੁਰੂ ਕਰਕੇ 7 ਤੋਂ 8 ਫੁੱਟ ਡੂੰਘੇ ਅਤੇ 10 ਫੁੱਟ ਚੌੜੇ ਟੋਏ ਪੱਟ ਕੇ ਕੰਮ ਸ਼ੁਰੂ ਕੀਤਾ ਹੈ, ਜੋ ਕਿ ਦੁਕਾਨਦਾਰਾਂ ਨੂੰ ਆਉਣ-ਜਾਣ ਲਈ ਰਸਤਾ ਬੰਦ ਹੋ ਗਿਆ ਹੈ ਤੇ ਉਨ੍ਹਾਂ ਦਾ ਕਾਰੋਬਾਰ ਰੁਕ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਨ ਰੋਡ ਉੱਪਰ ਸੀਵਰੇਜ ਦਾ ਕੰਮ ਹੌਲੀ ਚੱਲਣ ਕਾਰਨ ਹਰਿਆਣਾ ਅਤੇ ਪੰਜਾਬ ਨੂੰ ਆਉਣ-ਜਾਣ ਵਾਲੇ ਭਾਰੀ ਵਹੀਕਲਾਂ ਦਾ ਜਾਮ ਲੱਗਿਆ ਰਹਿੰਦਾ ਹੈ, ਜਿਸ ਨਾਲ ਸ਼ੋਰ ਪ੍ਰਦੂਸ਼ਣ ਵਿਚ ਵੀ ਵਾਧਾ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਜ਼ਿਲਾ ਡਿਪਟੀ ਕਮਿਸ਼ਨਰ ਮਾਨਸਾ ਅਤੇ ਸੀਵਰੇਜ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਸੀਵਰੇਜ ਦਾ ਕੰਮ 24 ਘੰਟੇ ਸ਼ੁਰੂ ਕਰਕੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।