SDM ਵਲੋਂ ਬਾਜ਼ਾਰਾਂ ''ਚ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੀ ਤਾੜਨਾ

12/06/2019 1:58:40 PM

ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਦੇ ਮੇਨ ਚੌਂਕ ਤੋਂ ਲੈ ਕੇ ਗਾਂਧੀ ਚੌਂਕ ਤੱਕ ਕਈ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ੇ ਅਤੇ ਸੜਕਾਂ 'ਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸੜਕਾਂ 'ਤੇ ਲੋਕਾਂ ਵਲੋਂ ਖੜ੍ਹੇ ਕੀਤੇ ਜਾ ਰਹੇ ਵਾਹਨਾਂ ਕਾਰਨ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਰਾਹਗੀਰ ਪ੍ਰੇਸ਼ਾਨ ਰਹਿੰਦੇ ਹਨ। ਸਮਰਾਲਾ ਦੀ ਐੱਸ.ਡੀ.ਐੱਮ. ਗੀਤਿਕਾ ਸਿੰਘ ਨੇ ਬਾਜ਼ਾਰਾਂ ਦਾ ਦੌਰਾ ਕਰ ਸੜਕ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਸਖਤ ਤਾੜਨਾ ਦਿੰਦਿਆਂ ਕਿਹਾ ਕਿ ਜੇਕਰ ਅੱਜ ਤੋਂ ਬਾਅਦ ਕਿਸੇ ਦੁਕਾਨਦਾਰ ਦਾ ਸਾਮਾਨ ਬਾਹਰ ਸੜਕ 'ਤੇ ਪਾਇਆ ਗਿਆ ਤਾਂ ਜ਼ਬਤ ਕਰ ਲਿਆ ਜਾਵੇਗਾ।

ਬਾਜ਼ਾਰ ਦੇ ਕੀਤੇ ਜਾ ਰਹੇ ਦੌਰੇ ਮੌਕੇ ਐੱਸ.ਡੀ.ਐੱਮ ਗੀਤਿਕਾ ਸਿੰਘ ਨਾਲ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ ਮੌਜ਼ੂਦ ਸਨ, ਜਿਨ੍ਹਾਂ ਨੇ ਕੌਂਸਲ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰੋਜ਼ਾਨਾ ਬਾਜ਼ਾਰ ਦੀ ਚੈਕਿੰਗ ਕੀਤੀ ਜਾਵੇ। ਬਿਨ੍ਹਾਂ ਕਿਸੇ ਪੱਖਪਾਤ ਤੋਂ ਜੇਕਰ ਕੋਈ ਵੀ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰ ਸਾਮਾਨ ਸੜਕ 'ਤੇ ਲਾਉਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰ ਜ਼ੁਰਮਾਨਾ ਵਸੂਲਿਆ ਜਾਵੇ। ਐੱਸ.ਡੀ.ਐੱਮ ਨੇ ਕਿਹਾ ਕਿ ਬਾਜ਼ਾਰ 'ਚ ਦੁਕਾਨਾਂ ਦੇ ਬਾਹਰ ਦੋ ਲਾਈਨਾਂ ਲਾਈਆਂ ਜਾਣ, ਜਿਸ ਤਹਿਤ ਪਹਿਲੀ ਲਾਈਨ ਤੋਂ ਬਾਹਰ ਕੋਈ ਦੁਕਾਨਦਾਰ ਸਾਮਾਨ ਬਾਹਰ ਨਹੀਂ ਰੱਖੇਗਾ ਅਤੇ ਦੂਜੀ ਲਾਈਨ ਤੋਂ ਬਾਹਰ ਵਾਹਨ ਖੜ੍ਹੇ ਨਹੀਂ ਕੀਤੇ ਜਾਣਗੇ।

ਐੱਸ.ਡੀ.ਐੱਸ ਵਲੋਂ ਪੁਲਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮੇਨ ਚੌਂਕ ਤੋਂ ਲੈ ਕੇ ਗਾਂਧੀ ਚੌਂਕ ਤੱਕ ਆਵਾਜਾਈ ਸੁਚਾਰੂ ਢੰਗ ਨਾਲ ਚਲਾਈ ਜਾਵੇ। ਇਸ ਦੌਰਾਨ ਜੇਕਰ ਕੋਈ ਵਾਹਨ ਚਾਲਕ ਨਿਯਮਾਂ ਤੋਂ ਉਲਟ ਪਾਰਕਿੰਗ ਕਰਦਾ ਹੈ ਤਾਂ ਉਸਦਾ ਚਲਾਨ ਕੱਟਿਆ ਜਾਵੇ।

rajwinder kaur

This news is Content Editor rajwinder kaur