ਦੁਕਾਨਦਾਰਾਂ ਦੇ ਆਪਸੀ ਟਕਰਾਅ ਨੇ ਧਾਰਿਆ ਭਿਆਨਕ ਰੂਪ, ਚੱਲੇ ਡਾਂਗਾ-ਸੋਟੇ

07/19/2017 5:07:11 PM

ਬਰਨਾਲਾ : ਬਰਨਾਲਾ ਦੇ ਕੇ. ਸੀ. ਰੋਡ 'ਤੇ ਦੋ ਦੁਕਾਨਦਾਰ ਸਾਮਾਨ ਬਾਹਰ ਰੱਖਣ ਨੂੰ ਲੈ ਕੇ ਆਪਸ ਵਿਚ ਭਿੜ ਗਏ, ਗੱਲ ਇਥੋਂ ਤੱਕ ਵੱਧ ਗਈ ਕਿ ਦੋਵਾਂ ਧਿਰਾਂ ਵਿਚਾਲੇ ਡਾਂਗਾ-ਸੋਟ ਚੱਲ ਪਏ। ਇਸ ਝਗੜੇ ਵਿਚ ਦੋਵਾਂ ਧਿਰਾਂ ਦੇ ਤਿੰਨ ਲੋਕ ਜ਼ਖਮੀ ਹੋ ਗਏ। ਲੜਾਈ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਦੋਸ਼ ਲਗਾਉਂਦੇ ਹੋਏ ਦੁਕਾਨਦਾਰ ਰਾਜੀਵ ਸਿੰਧੀ ਨੇ ਕਿਹਾ ਕਿ ਉਸ ਦੇ ਨਾਲ ਵਾਲਾ ਦੁਕਾਨਦਾਰ ਗੌਰਵ ਪਹਿਲਾਂ ਹੀ ਉਸ ਦੇ ਬੇਟੇ ਨਾਲ ਰੰਜਿਸ਼ ਰੱਖਦਾ ਸੀ। ਬੁੱਧਵਾਰ ਨੂੰ ਇਸੇ ਰੰਜਿਸ਼ ਦੇ ਚੱਲਦੇ ਗੌਰਵ ਨੇ ਆਪਣੇ ਪਿਤਾ ਅਤੇ ਭਰਾ ਨਾਲ ਸਾਥੀਆਂ ਸਮੇਤ ਦੁਕਾਨ 'ਚ ਆ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਅਤੇ ਉਸ ਦਾ ਪੁੱਤਰ ਜ਼ਖਮੀ ਹੋ ਗਏ।
ਉਧਰ ਦੂਜੀ ਧਿਰ ਨੇ ਕਿਹਾ ਕਿ ਰਾਜੀਵ ਸਿੰਧੀ ਅਤੇ ਉਸ ਦੇ ਬੇਟੇ ਆਪਣੀ ਦੁਕਾਨ ਦਾ ਸਮਾਨ ਜ਼ਬਰਨ ਉਨ੍ਹਾਂ ਦੀ ਦੁਕਾਨ ਦੇ ਸਾਹਮਣੇ ਲਗਾ ਦਿੰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਕੰਮ ਨਹੀਂ ਚੱਲ ਰਿਹਾ, ਜਿਸ ਕਾਰਨ ਇਹ ਝਗੜਾ ਹੋਇਆ ਹੈ। ਬਰਨਾਲਾ ਸਿਟੀ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਪੁਲਸ ਕੋਲ ਆ ਚੁੱਕੀਆਂ ਹਨ ਜਾਂਚ ਤੋਂ ਬਾਅਦ ਜਿਹੜਾ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।