ਸੀਡਜ਼ ਤੇ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

05/24/2020 1:21:27 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਸਥਾਨਕ ਨਵੀਂ ਅਨਾਜ ਮੰਡੀ ਵਿਖੇ ਸਥਿਤ ਦੁਕਾਨ ਨੰਬਰ 107 'ਚ ਅੱਜ ਸਵੇਰੇ ਅਚਾਨਕ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜਦਕਿ ਘਟਨਾ ਦੌਰਾਨ ਮੌਕੇ 'ਤੇ ਪੁੱਜੀ ਫਾਇਰ ਬਿਗ੍ਰੇਡ ਕਾਰਨ ਆਸ ਪਾਸ ਦੀਆਂ ਦੁਕਾਨਾਂ ਦੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਦਿੰਦਿਆਂ ਗਣੇਸ਼ ਦਾਸ ਮਨੀਸ਼ ਕੁਮਾਰ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਸੀਡਜ਼ ਤੇ ਕੀਟਨਾਸ਼ਕ ਦਵਾਈਆਂ ਦਾ ਕੰਮ ਹੈ। ਅੱਜ ਸਵੇਰੇ ਉਨ੍ਹਾਂ ਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਉਨ੍ਹਾਂ ਨੇ ਮੌਕੇ 'ਤੇ ਆ ਕੇ ਵੇਖਿਆ ਤਾਂ ਅੱਗ ਨੇ ਦੁਕਾਨ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲਿਆ ਹੋਇਆ ਸੀ, ਜਿਸ 'ਤੇ ਉਨ੍ਹਾਂ ਤੁਰੰਤ ਇਸਦੀ ਸੂਚਨਾ ਫਾਇਰ ਬਿਗ੍ਰੇਡ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਜੇਕਰ ਜਲਦੀ ਹੀ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਨਾਲ ਲੱਗਦੀਆਂ ਦੁਕਾਨਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ। 

ਦੁਕਾਨ ਮਾਲਕ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਦੇ ਚੱਲਦਿਆਂ ਇਹ ਅੱਗ ਲੱਗੀ ਹੈ। ਇਸ ਕਾਰਨ ਉਸਦਾ ਕਰੀਬ 18 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਕਡਾਊਨ ਤੇ ਕਰਫ਼ਿਊ ਦੇ ਚੱਲਦਿਆਂ ਉਹ ਪਹਿਲਾਂ ਦੀ ਆਰਥਿਕ ਮੰਦੀ 'ਚੋਂ ਗੁਜ਼ਰ ਰਹੇ ਸਨ, ਉਪਰੋਂ ਅਚਾਨਕ ਸ਼ਾਰਟ ਸਰਕਟ ਕਾਰਨ ਲੱਗੀ ਇਸ ਅੱਗ ਨੇ ਉਨ੍ਹਾਂ ਲਈ ਨਵੀਂਆਂ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਵਰਣਨਯੋਗ ਹੈ ਕਿ ਅੱਗ ਇੰਨੀ ਜ਼ਬਰਦਸਤ ਸੀ ਕਿ ਉਸਨੇ ਦੁਕਾਨ 'ਚ ਪਏ ਸਮਾਨ ਨੂੰ ਆਪਣੀ ਲਪੇਟ 'ਚ ਤਾਂ ਲਿਆ ਹੀ, ਨਾਲ ਹੀ ਦੁਕਾਨ ਵਿਚ ਲੱਗੇ ਪੱਖੇ ਤੇ ਹੋਰ ਬਿਜਲੀ ਉਪਕਰਨਾਂ ਨੂੰ ਬਿਲਕੁਲ ਨਸ਼ਟ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੇ ਥਾਣਾ ਸਿਟੀ ਦੇ ਏ. ਐੱਸ. ਆਈ. ਜੋਗਿੰਦਰ ਸਿੰਘ, ਹੌਲਦਾਰ ਕੇਵਲ ਸਿੰਘ ਅਤੇ ਬੱਸ ਅੱਡਾ ਚੌਂਕੀ ਦੇ ਬਲਵੰਤ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh