ਸ਼ਿਵਮ ਸ਼ਰਮਾ ਕਤਲਕਾਂਡ : ਪੁਲਸ ਦੇ ਹੱਥ ਲੱਗੇ ਕਈ ਅਹਿਮ ਸੁਰਾਗ

05/06/2019 11:48:00 AM

ਕਪੂਰਥਲਾ (ਭੂਸ਼ਣ)— ਸ਼ੁੱਕਰਵਾਰ ਦੀ ਰਾਤ ਸ਼ਹਿਰ ਦੇ ਸਦਰ ਬਾਜ਼ਾਰ ਇਲਾਕੇ 'ਚ 7 ਮੁਲਜ਼ਮਾਂ ਵੱਲੋਂ ਕਤਲ ਕੀਤੇ ਗਏ ਸ਼ਿਵਮ ਸ਼ਰਮਾ ਕਤਲਕਾਂਡ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਨੂੰ ਲੈ ਕੇ ਜਿੱਥੇ ਸਿਟੀ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ, ਉਥੇ ਹੀ ਇਸ ਸਬੰਧ 'ਚ ਪੁਲਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਵੀ ਕੀਤਾ ਹੈ। ਜਿਨ੍ਹਾਂ ਤੋਂ ਫਰਾਰ ਹੋਏ ਮੁਲਜ਼ਮਾਂ ਦੇ ਸਬੰਧ 'ਚ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੀ ਰਾਤ ਸ਼ਹਿਰ 'ਚ ਉਸ ਸਮੇਂ ਭਾਰੀ ਸਨਸਨੀ ਫੈਲ ਗਈ ਸੀ, ਜਦੋਂ 7 ਹਥਿਆਰਬੰਦ ਮੁਲਜ਼ਮਾਂ ਨੇ ਸਦਰ ਬਾਜ਼ਾਰ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 18 ਸਾਲ ਦੇ ਨੌਜਵਾਨ ਸ਼ਿਵਮ ਸ਼ਰਮਾ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ 'ਚ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ 7 ਮੁਲਜ਼ਮਾਂ ਦੇ ਖਿਲਾਫ ਸਾਗਰ ਪੁੱਤਰ ਵਿਜੈ ਵਾਸੀ ਮੁਹੱਲਾ ਹਾਥੀਖਾਨਾ ਕਪੂਰਥਲਾ, ਗੂਗ ਪੁੱਤਰ ਵਿਜੈ ਵਾਸੀ ਮੁਹੱਲਾ ਹਾਥੀਖਾਨਾ ਕਪੂਰਥਲਾ, ਸੂਰਮਾ ਉਰਫ ਬੀਰਾ ਨਿਵਾਸੀ ਡੋਗਰਾਂਵਾਲ ਕਪੂਰਥਲਾ, ਬੱਬਾ ਵਾਸੀ ਲਾਹੌਰੀ ਗੇਟ ਕਪੂਰਥਲਾ, ਪਿੰਕਾ ਪੁੱਤਰ ਬਘੇਲਾ ਵਾਸੀ ਜਲੌਖਾਨਾ ਚੌਕ ਕਪੂਰਥਲਾ, ਜਿੰਦੂ ਨਾਈ ਵਾਸੀ ਮੁਹੱਲਾ ਮਹਿਤਾਬਗੜ੍ਹ ਕਪੂਰਥਲਾ ਅਤੇ ਇਕ ਅਣਪਛਾਤੇ ਮੁਲਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ।ਪੁਲਸ ਨੇ 7 ਮੁਲਜ਼ਮਾਂ ਦੀ ਭਾਲ 'ਚ ਕਪੂਰਥਲਾ ਸਹਿਤ ਆਸ-ਪਾਸ ਦੇ ਕਈ ਸ਼ਹਿਰਾਂ 'ਚ ਛਾਪੇਮਾਰੀ ਕੀਤੀ ਸੀ, ਜਿਸ ਦੇ ਦੌਰਾਨ ਮੁਲਜ਼ਮਾਂ ਨਾਲ ਜੁੜੇ ਵੱਡੀ ਗਿਣਤੀ 'ਚ ਸ਼ੱਕੀ ਵਿਅਕਤੀਆਂ ਨੂੰ ਪੁੱਛਗਿਛ ਲਈ ਰਾਊਂਡਅਪ ਕੀਤਾ ਗਿਆ।
ਦੱਸਿਆ ਜਾਂਦਾ ਹੈ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਹੁਕਮਾਂ 'ਤੇ ਡੀ. ਐੱਸ. ਪੀ. ਸਬ ਡਿਵੀਜ਼ਨ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ 'ਚ ਇਕ ਵਿਸ਼ੇਸ਼ ਪੁਲਸ ਟੀਮ ਜਿਸ 'ਚ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਬਰਾੜ ਸ਼ਾਮਲ ਸਨ, ਨੇ ਰਾਊਂਡਅਪ ਕੀਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਫਰਾਰ ਹੋਏ ਮੁਲਜ਼ਮਾਂ ਦੇ ਸਬੰਧ 'ਚ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਜਿਸ ਨੂੰ ਲੈ ਕੇ ਪੁਲਸ ਦੇ ਇਨ੍ਹਾਂ ਫਰਾਰ ਮੁਲਜ਼ਮਾਂ ਦੇ ਕਾਫੀ ਨਜ਼ਦੀਕ ਪਹੁੰਚ ਗਏ ਹਨ।
1-2 ਦਿਨ 'ਚ ਮੁਲਜ਼ਮ ਹੋ ਸਕਦੇ ਹਨ ਗ੍ਰਿਫਤਾਰ
ਪੁਲਸ ਸੂਤਰਾਂ ਅਨੁਸਾਰ ਆਉਣ ਵਾਲੇ 1-2 ਦਿਨਾਂ 'ਚ ਪੁਲਸ ਵੱਲੋਂ 4-5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਸ ਨੂੰ ਲੈ ਕੇ ਪੁਲਸ ਨੂੰ ਕਈ ਅਹਿਮ ਸੁਰਾਗ ਲੱਗੇ ਹਨ। ਉਥੇ ਹੀ ਸੂਤਰਾਂ ਅਨੁਸਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਬਾਅਦ ਪੁੱਛਗਿਛ 'ਚ ਇਸ ਪੂਰੇ ਕਤਲਕਾਂਡ ਨੂੰ ਅੰਜਾਮ ਦੇਣ ਤੋਂ ਲੈ ਕੇ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਫਰਾਰ ਹੋਏ ਮੁਲਜ਼ਮਾਂ ਦੇ ਤਾਰ ਅਜਿਹੇ ਗਿਰੋਹ ਨਾਲ ਸਬੰਧਤ ਹਨ, ਜੋ ਸਕੂਲਾਂ ਅਤੇ ਕਾਲਜਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਗਿਰੋਹ 'ਚ ਸ਼ਾਮਲ ਕਰਕੇ ਜਿੱਥੇ ਉਨ੍ਹਾਂ ਨੂੰ ਲੜਾਈ ਝਗੜੇ ਕਰਨ 'ਚ ਮਦਦ ਕਰਦੇ ਹਨ ਉਥੇ ਹੀ ਉਹ ਗਲਤ ਕੰਮਾਂ 'ਚ ਵੀ ਸ਼ਾਮਲ ਕਰਦੇ ਹਨ। ਜਿਸ ਦਾ ਖੁਲਾਸਾ ਹੁਣ ਇਸ ਗਿਰੋਹ ਨਾਲ ਜੁੜੇ ਮੁਲਜ਼ਮਾਂ ਤੋਂ ਪੂਰੀ ਪੁੱਛਗਿੱਛ ਤੋਂ ਬਾਅਦ ਹੀ ਹੋ ਪਾਵੇਗਾ।

shivani attri

This news is Content Editor shivani attri