ਕੋਰੋਨਾ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲਾ ਸ਼ਿਵ ਸੈਨਾ ਆਗੂ ਗ੍ਰਿਫਤਾਰ

04/04/2020 8:15:55 PM

ਜੰਡਿਆਲਾ ਗੁਰੂ, (ਸ਼ਰਮਾ, ਸੁਰਿੰਦਰ)- ਐੱਸ. ਐੱਸ. ਪੀ. ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਫਵਾਹਾਂ ਫੈਲਾਉਣ ਅਤੇ ਵਿਵਾਦਿਤ ਪੋਸਟ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਸ਼ਿਵ ਸੈਨਾ ਟਕਸਾਲੀ ਦੇ ਨੇਤਾ ਸੁਧੀਰ ਕੁਮਾਰ ਸੂਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੀ. ਐੱਸ. ਪੀ. ਗੁਰਇੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਦੇ ਬਾਹਰ ਲੱਗੇ ਸ਼ਿਕਾਇਤ ਬਾਕਸ ’ਚ ਕਿਸੇ ਅਣਪਛਾਤੇ ਵਿਅਕਤੀ ਨੇ ਸ਼ਿਕਾਇਤ ਪਾਈ ਸੀ ਕਿ ਸੁਧੀਰ ਕੁਮਾਰ ਸੂਰੀ ਨੇ ਫੇਸਬੁੱਕ ’ਤੇ ਮੁਸਲਿਮ ਭਾਈਚਾਰੇ ਖਿਲਾਫ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਲਿਖਿਆ ਸੀ ਕਿ ਇਹ ਮੁਸਲਿਮ ਭਾਈਚਾਰੇ ਨੂੰ ਕੋਰੋਨਾ ਫੈਲਾਉਣ ਦਾ ਜ਼ਿੰਮੇਵਾਰ ਠਹਿਰਾ ਰਿਹਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਮੁਸਲਮਾਨਾਂ ਨੂੰ ਗੋਲੀ ਮਾਰਨ ਦੀਆਂ ਗੱਲਾਂ ਕਰ ਰਿਹਾ ਹੈ, ਜਿਸ ਕਾਰਣ ਮਾਹੌਲ ਖਰਾਬ ਹੋਣ ਦੀ ਸੰਭਾਵਨਾ ਹੈ। ਇਸ ’ਤੇ ਇੰਸਪੈਕਟਰ ਰਸ਼ਪਾਲ ਸਿੰਘ ਮੁੱਖ ਅਫਸਰ ਜੰਡਿਆਲਾ ਗੁਰੂ ਵੱਲੋਂ ਇਸ ਨੂੰ ਮੱਦੇਨਜ਼ਰ ਰੱਖਦਿਆਂ ਸਾਰੇ ਮਾਮਲੇ ਦੀ ਤਸਦੀਕ ਕਰ ਕੇ ਸੁਧੀਰ ਕੁਮਾਰ ਸੂਰੀ ਖਿਲਾਫ ਮੁਕੱਦਮਾ ਨੰ. 65, ਜੁਰਮ 115/153-ਏ, 295-ਏ, 505 (2) ਭ. ਦ. ਥਾਣਾ ਜੰਡਿਆਲਾ ਗੁਰੂ ਤਹਿਤ ਮੁਕੱਦਮਾ ਦਰਜ ਕਰ ਕੇ ਸੂਰੀ ਨੂੰ ਜੇਲ ਭੇਜ ਦਿੱਤਾ ਗਿਆ ਹੈ। ਫਿਲਹਾਲ ਇਸ ਦੀ ਹੋਰ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਸੋਸ਼ਲ ਮੀਡੀਆ ’ਤੇ ਅਫਵਾਹ ਫੈਲਾਉਂਦਾ ਜਾਂ ਵਿਵਾਦਿਤ ਦਿੰਦਾ ਬਿਆਨ ਹੈ, ਉਸ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa