ਮਾਨ ਦੀ ਸ਼ਹਿ ''ਤੇ ਤਾਂ ਨਹੀਂ ਕਰ ਰਹੇ ਗੈਂਗਸਟਰ ਕੰਮ, ਸ਼ਿਵ ਸੈਨਾ ਹਿੰਦ ਨੇ ਕੀਤੀ ਜਾਂਚ ਦੀ ਮੰਗ

01/27/2018 4:04:19 PM

ਖਰੜ (ਅਮਰਦੀਪ) – ਸ਼ਿਵ ਸੈਨਾ ਹਿੰਦ ਦੀ ਅਹਿਮ ਮੀਟਿੰਗ ਬ੍ਰਿਜੇਸ਼ ਪੁਰੀ ਮਹਾਰਾਜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਪੰਜਾਬ ਪੁਲਸ ਵਲੋਂ ਐਨਕਾਊਂਟਰ 'ਚ ਗੈਂਗਸਟਰ ਵਿੱਕੀ ਗੋਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਮੌਤ ਦੇ ਘਾਟ ਉਤਾਰਨ 'ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਵਲੋਂ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਇੰਟੈਲੀਜੈਂਸ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਪੰਜਾਬ ਦੇ ਗੈਂਗਸਟਰਾਂ ਦਾ ਖਾਤਮਾ ਹੋ ਰਿਹਾ ਹੈ, ਜੋ ਕਿ ਬੇਕਸੂਰ ਲੋਕਾਂ ਨੂੰ ਕਤਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵਲੋਂ ਸੂਬੇ ਅੰਦਰ ਵਧੀਆ ਕੰਮ ਕੀਤੇ ਜਾ ਰਹੇ ਹਨ, ਜਿਸ ਦੇ ਨਤੀਜੇ ਸੂਬੇ ਦੀ ਜਨਤਾ ਸਾਹਮਣੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੋ ਕਿ ਇਕ ਖਾਲਿਸਤਾਨੀ ਪੱਖੀ ਆਗੂ ਹਨ, ਨੇ ਜੋ ਪੰਜਾਬ ਪੁਲਸ 'ਤੇ ਦੋਸ਼ ਲਗਾਇਆ ਹੈ ਕਿ ਉਸਨੇ ਗੈਂਗਸਟਰ ਵਿੱਕੀ ਗੌਂਡਰ ਨੂੰ ਮਾਰਿਆ ਹੈ, ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਮਾਨ ਦੀ ਸ਼ਹਿ 'ਤੇ ਗੈਂਗਸਟਰ ਸੂਬੇ 'ਚ ਕੰਮ ਤਾਂ ਨਹੀਂ ਕਰ ਰਹੇ। ਉਨ੍ਹਾਂ ਆਖਿਆ ਕਿ ਮਾਨ ਨੂੰ ਵਿੱਕੀ ਗੌਂਡਰ ਦੇ ਹੱਕ 'ਚ ਆਪਣਾ ਬਿਆਨ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਗੌਂਡਰ ਇਕ ਗੈਂਗਸਟਰ ਅਤੇ ਬੇਕਸੂਰ ਲੋਕਾਂ ਦਾ ਕਾਤਲ ਸੀ। 
ਸ਼ਰਮਾ ਨੇ ਕਿਹਾ ਕਿ ਮਾਨ ਨੂੰ ਵਿੱਕੀ ਗੋਂਡਰ ਦੀ ਮੌਤ 'ਤੇ ਉਸਦੀ ਮਾਂ ਰੋਂਦੀ ਨਜ਼ਰ ਆਈ ਪਰ ਜਦੋਂ ਵਿੱਕੀ ਗੋਂਡਰ ਵਲੋਂ ਅਨੇਕਾਂ ਮਾਵਾਂ ਦੇ ਬੇਟਿਆਂ ਨੂੰ ਮਾਰ ਕੇ ਉਨ੍ਹਾਂ ਦੇ ਘਰਾਂ ਦੇ ਚਿਰਾਗ ਬੁਝਾਏ ਤਾਂ ਉਹ ਨਜ਼ਰ ਨਹੀਂ ਆਇਆ। ਹਰ ਇਕ ਮਾਂ ਨੂੰ ਆਪਣੇ ਪੁੱਤਰ ਦੇ ਜਾਣ ਦਾ ਦੁਖ ਹੁੰਦਾ ਹੈ। ਮੀਟਿੰਗ 'ਚ ਰਾਸ਼ਟਰੀ ਸਕੱਤਰ ਯੁਵਾ ਵਿੰਗ ਕਿਰਤ ਸਿੰਘ ਮੁਹਾਲੀ, ਉਤਰ ਭਾਰਤ ਚੇਅਰਮੈਨ ਰਜਿੰਦਰ ਸਿੰਘ ਧਾਰੀਵਾਲ, ਪੰਜਾਬ ਮੀਤ ਪ੍ਰਧਾਨ ਰਾਜੇਸ਼ ਕੁਮਾਰ ਮਲਿਕ, ਪੰਜਾਬ ਮੀਤ ਪ੍ਰਧਾਨ ਸੋਨੀ ਗਰਗ, ਹਿਮਾਚਲ ਪ੍ਰਧਾਨ ਜਗਦੀਪ ਰਾਣਾ, ਐੱਸ.ਸੀ.ਸੀ ਵਿੰਗ ਜ਼ਿਲਾ ਪ੍ਰਧਾਨ ਰਾਜਕੁਮਾਰ ਵੀ ਹਾਜ਼ਰ ਸਨ।