ਕਾਤਲਾਂ ਦੀ ਗ੍ਰਿਫਤਾਰੀ ਲਈ ਸ਼ਿਵ ਸੈਨਾ ਨੇਤਾ ਦੇ ਪਰਿਵਾਰ ਨੇ ਦਿੱਤਾ ਧਰਨਾ

04/06/2019 4:31:30 PM

ਗੁਰਦਾਸਪੁਰ (ਵਿਨੋਦ/ਦੀਪਕ) : ਬੀਤੀ ਰਾਤ ਕੁਝ ਨੌਜਵਾਨਾਂ ਵਲੋਂ ਸ਼ਿਵ ਸੈਨਾ ਬਾਲ ਠਾਕਰੇ ਨੇਤਾ ਅਜੇ ਕੁਮਾਰ ਦੀ ਹੱਤਿਆ ਕਰ ਦਿੱਤੀ ਗਈ ਸੀ। ਅੱਜ ਉਸ ਦੇ ਪਰਿਵਾਰਿਕ ਮੈਂਬਰਾਂ ਵਲੋਂ ਸ਼ਿਵ ਸੈਨਿਕਾਂ ਦੇ ਨਾਲ ਮਿਲ ਕੇ ਸਿਵਲ ਹਸਪਤਾਲ ਗੁਰਦਾਸਪੁਰ 'ਚ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਅਜੇ ਠਾਕੁਰ ਦੇ ਹੱਤਿਆਰਿਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਹੈ, ਉਦੋਂ ਤੱਕ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਮ੍ਰਿਤਕ ਦੇ ਪਿਤਾ ਸੌਦਾਗਰ ਦੇ ਅਨੁਸਾਰ ਅਜੇ ਠਾਕੁਰ ਉਸ ਦਾ ਇਕਲੌਤਾ ਲੜਕਾ ਸੀ ਅਤੇ ਜਲਦ ਹੀ ਉਹ ਵਿਦੇਸ਼ ਜਾਣ ਵਾਲਾ ਸੀ।

ਸ਼ਿਵ ਸੈਨਾ ਬਾਲ ਠਾਕਰੇ ਦੇ ਰਾਜ ਉਪ ਪ੍ਰਮੁੱਖ ਹਰਵਿੰਦਰ ਸੋਨੀ ਨੇ ਦੱਸਿਆ ਕਿ ਅਜੇ ਠਾਕੁਰ ਦੀ ਮੌਤ ਲਈ ਪੁਲਸ ਵੀ ਬਰਾਬਰ ਦੀ ਜ਼ਿੰਮੇਵਾਰ ਹੈ, ਕਿਉਂਕਿ ਪੁਲਸ ਨੂੰ ਸਮੇਂ-ਸਮੇਂ 'ਤੇ ਸਾਰੀ ਜਾਣਕਾਰੀ ਦੇਣ ਦੇ ਬਾਵਜੂਦ ਉਨ੍ਹਾਂ ਨੇ ਅਜੇ ਦੀ ਹੱਤਿਆ ਕਰਨ ਵਾਲੇ ਦੋਸ਼ੀਆ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੱਤਿਆਰਿਆਂ ਨੇ ਅਜੇ ਠਾਕੁਰ ਨੂੰ ਰੋਕ ਕੇ ਉਸ ਨਾਲ ਮਾਰਕੁੱਟ ਕੀਤੀ ਸੀ ਅਤੇ ਉਸ ਸਮੇਂ ਉਸ ਦੀ ਇਕ ਭੈਣ ਵੀ ਨਾਲ ਸੀ। ਇਸ ਸਬੰਧੀ ਸਾਰੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਸ ਨੇ ਹੱਤਿਆਰਿਆਂ ਸਬੰਧੀ ਸਾਰੀ ਜਾਣਕਾਰੀ ਸਮੇਂ-ਸਮੇਂ 'ਤੇ ਜਿਲਾ ਪੁਲਸ ਮੁਖੀ ਨੂੰ ਦਿੱਤੀ ਸੀ, ਪਰ ਹੇਠਲੇ ਅਧਿਕਾਰੀਆਂ ਨੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸੋਨੀ ਨੇ ਕਿਹਾ ਕਿ ਸ਼ਿਵ ਸੈਨਾ ਮੰਗ ਕਰਦੀ ਹੈ ਕਿ ਜਿਥੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਉਥੇ ਮ੍ਰਿਤਕ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਸਹਾਇਤਾ ਦਿੱਤੀ ਜਾਵੇ। 

Anuradha

This news is Content Editor Anuradha