ਦਿੱਲੀ ''ਚ ਸਿੱਖ ਨੌਜਵਾਨਾਂ ਉਪਰ ਕੀਤਾ ਗਿਆ ਹਮਲਾ ਲੋਕਤੰਤਰ ''ਤੇ ਕਲੰਕ : ਪ੍ਰੋ. ਬਡੂੰਗਰ

09/22/2017 10:28:11 AM

ਅੰਮ੍ਰਿਤਸਰ (ਦੀਪਕ/ਪੁਰੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਦਿੱਲੀ ਵਿਖੇ 2 ਸਿੱਖ ਨੌਜਵਾਨਾਂ ਉਪਰ ਹੋਏ ਹਮਲੇ 'ਚ ਇਕ ਨੌਜਵਾਨ ਨੂੰ ਕਤਲ ਕਰਨ ਅਤੇ ਦੂਜੇ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਦੀ ਰਾਜਧਾਨੀ 'ਚ ਹੋਏ ਇਸ ਕਾਰੇ ਨੇ ਲੋਕਤੰਤਰ ਨੂੰ ਇਕ ਵਾਰ ਫਿਰ ਸ਼ਰਮਸਾਰ ਕੀਤਾ ਹੈ।   ਉਨ੍ਹਾਂ ਕਿਹਾ ਕਿ ਇਹ ਘਟਨਾ ਮਾਨਵਤਾ ਦੇ ਮੱਥੇ 'ਤੇ ਕਲੰਕ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖ ਨੌਜਵਾਨਾਂ ਵੱਲੋਂ ਸਿਗਰਟ ਦਾ ਧੂੰਆਂ ਉਨ੍ਹਾਂ ਉਪਰ ਸੁੱਟਣ ਦਾ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਆਪਣੀ ਗੱਡੀ ਨਾਲ ਜਾਣਬੁਝ ਕੇ ਕੁਚਲਣ ਵਾਲੇ ਰੋਹਿਤ ਕ੍ਰਿਸ਼ਨਾ ਮੋਹੰਤਾ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਖਿਲਾਫ ਆਵਾਜ਼ ਉਠਾਉਣ ਵਾਲੇ ਲੋਕਾਂ ਅੰਦਰ ਕਾਨੂੰਨ ਪ੍ਰਤੀ ਵਿਸ਼ਵਾਸ ਦੀ ਭਾਵਨਾ ਬਣੀ ਰਹੇ। ਉਨ੍ਹਾਂ ਦਿੱਲੀ ਸਰਕਾਰ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਕਤਲ ਕਰਨ ਵਾਲੇ ਦੋਸ਼ੀ ਨੂੰ ਸ਼ਖਤ ਤੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਸਿੱਖਾਂ ਉਪਰ ਹੁੰਦੇ ਨਸਲੀ ਹਮਲਿਆਂ ਨੂੰ ਰੋਕਿਆ ਜਾ ਸਕੇ।