ਸੁਖਬੀਰ ਬਾਦਲ ਵੱਲੋਂ ਬੁਢਾਪਾ ਪੈਨਸ਼ਨ 3100 ਰੁਪਏ ਕਰਨ ਦਾ ਐਲਾਨ, 80 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ

02/14/2022 1:50:06 PM

ਮਹਿਲ ਕਲਾਂ (ਵੈੱਬ ਡੈਸਕ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ 80 ਤੋਂ ਵੱਧ ਸੀਟਾਂ ’ਤੇ ਜਿੱਤ ਦਰਜ ਕਰੇਗਾ। ਮਹਿਲ ਕਲਾਂ ਵਿਖੇ ਆਪਣੇ ਸੰਬੋਧਨ ’ਚ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ’ਤੇ ਵੱਡੇ ਸ਼ਬਦੀ ਹਮਲੇ ਕੀਤੇ, ਉਥੇ ਹੀ ਆਮ ਆਦਮੀ ਪਾਰਟੀ ’ਤੇ ਵੀ ਨਿਸ਼ਾਨੇ ਸਾਧੇ। ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਪਰ ‘ਆਪ’ ਪਾਰਟੀ ਨੂੰ ਮਾਝਾ ਅਤੇ ਦੋਆਬਾ ’ਚ ਇਕ ਵੀ ਸੀਟ ਨਹੀਂ ਮਿਲੇਗੀ।

ਇਹ ਵੀ ਪੜ੍ਹੋ: PM ਮੋਦੀ ਦੀ ਰੈਲੀ ਨੂੰ ਲੈ ਕੇ ਜਲੰਧਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ ’ਤੇ ਫ਼ੋਰਸ ਤਾਇਨਾਤ

ਕਾਂਗਰਸ ’ਤੇ ਨਿਸ਼ਾਨੇ ਲਾਉਂਦੇ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਪਿਛਲੇ 5 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਥ ਦੀ ਫ਼ੌਜ ਹੈ ਅਤੇ ਅਕਾਲੀਆਂ ਨੇ ਹੀ ਲੜਾਈ ਲੜਨੀ ਹੈ। ਅਸੀਂ ਲੋਕਾਂ ਦੀ ਅਤੇ ਪੰਜਾਬੀਆਂ ਦੀ ਸਰਕਾਰ ਬਣਾਉਣੀ ਹੈ ਅਤੇ ਮੈਨੂੰ ਪੂਰੀ ਆਸ ਹੈ ਕਿ ਪੰਜਾਬ ਦੀ ਜਨਤਾ ਇਸ ਵਾਰ ਸਹੀ ਫ਼ੈਸਲਾ ਲਵੇਗੀ। 

3100 ਰੁਪਏ ਕੀਤੀ ਜਾਵੇਗੀ ਬੁਢਾਪਾ ਪੈਨਸ਼ਨ 
ਉਥੇ ਹੀ ਅੱਗੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ-ਬਸਪਾ ਦੀ ਸਰਕਾਰ ਆਉਣ ’ਤੇ ਬੁਢਾਪਾ ਪੈਨਸ਼ਨ 3100 ਰੁਪਏ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਲ ਡੋਰੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀਅਤ ਦਿੱਤੀ ਜਾਵੇਗੀ। ਵੱਡੇ-ਵੱਡੇ ਐਲਾਨ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਹਰ ਜ਼ਿਲ੍ਹੇ ’ਚ 500 ਬੈੱਡਾਂ ਦਾ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਕਿਸਾਨਾਂ ਦੀ ਫ਼ਸਲ ਦਾ ਬੀਮਾ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ’ਤੇ ਕਿਸਾਨਾਂ ਦੀ ਪ੍ਰਤੀ ਏਕੜ ਫ਼ਸਲ ਦਾ 50 ਹਜ਼ਾਰ ਤੱਕ ਦਾ ਬੀਮਾ ਕੀਤਾ ਜਾਵੇਗਾ। ਹਰ 25 ਹਜ਼ਾਰ ਅਬਾਦੀ ’ਚ ਇਕ ਸਕੂਲ ਬਣਾਉਣ ਦਾ ਵੀ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ ਅਤੇ ਸਰਕਾਰ ਆਉਣ ’ਤੇ ਸਰਕਾਰੀ ਸਕੂਲਾਂ ਦੀ ਨੁਹਾਰ ਵੀ ਬਦਲੀ ਜਾਵੇਗੀ। 

ਇਹ ਵੀ ਪੜ੍ਹੋ:  ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ’ਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਸਪੈਸ਼ਲ ਟਰੇਨ ਹੋਈ ਰਵਾਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri