ਕੈਪਟਨ ਦੀ ਘਟੀਆ ਕਾਰਗੁਜ਼ਾਰੀ ਦੇ ਚੱਲਦੇ ਗਠਬੰਧਨ ਨੇ ਕੀਤਾ 10 ਸਾਲ ਸ਼ਾਸਨ : ਸੁਖਬੀਰ ਬਾਦਲ

Friday, Oct 06, 2017 - 12:07 PM (IST)

ਕਾਦੀਆਂ/ਗੁਰਦਾਸਪੁਰ (ਵਿਨੋਦ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪਣੇ ਕੀਤੇ ਵਾਅਦੇ ਭੁਲਾ ਦੇਣ ਵਾਲੀ ਕੈਪਟਨ ਸਰਕਾਰ ਦੀ ਕਾਰਜਸ਼ੈਲੀ ਨੂੰ ਸੁਧਾਰਨ ਲਈ ਇਕ ਜਨਤਕ ਝਟਕੇ ਦੀ ਜ਼ਰੂਰਤ ਹੈ।
ਅੱਜ ਹਲਕਾ ਕਾਦੀਆਂ ਵਿਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ 'ਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਕਾਰਜਸ਼ੈਲੀ ਨੂੰ ਸੁਧਾਰਨ ਲਈ ਇਸ ਉਪ ਚੋਣ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਜਨਤਕ ਝਟਕਾ ਦੇਣਾ ਜ਼ਰੂਰੀ ਹੈ। ਉਨ੍ਹਾਂ ਹਲਕਾ ਗੁਰਦਾਸਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਵਿਚ ਤਬਦੀਲੀ ਲਈ ਉਹ ਸਮੁੱਚੇ ਪੰਜਾਬੀਆਂ ਦੀ ਆਵਾਜ਼ ਬਣਨ। 
ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਭਵਿੱਖ ਵਿਚ ਚੋਣ ਨਹੀਂ ਲੜਨਗੇ ਅਤੇ ਸਿਆਸਤ ਤੋਂ ਸੰਨਿਆਸ ਲੈ ਲੈਣਗੇ। ਜਿਸ ਵਿਅਕਤੀ ਨੇ ਸਿਆਸਤ ਤੋਂ ਸੰਨਿਆਸ ਲੈਣਾ ਹੋਵੇ, ਉਸ ਤੋਂ ਕੁਝ ਵੀ ਚੰਗਾ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। 
ਉਨ੍ਹਾਂ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੀ ਘਟੀਆ ਕਾਰਜਸ਼ੈਲੀ ਦੀ ਬਦੌਲਤ ਹੀ ਅਕਾਲੀ-ਭਾਜਪਾ ਗੱਠਜੋੜ ਨੇ 10 ਸਾਲ ਰਾਜ ਕੀਤਾ ਅਤੇ ਕੈਪਟਨ ਸਰਕਾਰ ਦੀ ਮੌਜੂਦਾ ਕਾਰਜਸ਼ੈਲੀ ਕਾਂਗਰਸ ਦੇ ਪੰਜਾਬ ਵਿਚੋਂ ਪਤਨ ਦਾ ਕੰਮ ਕਰੇਗੀ। ਉਨ੍ਹਾਂ ਅੱਜ ਧਾਰੀਵਾਲ, ਕਾਦੀਆਂ, ਭੈਣੀ ਮੀਆਂ ਖਾਨ ਅਤੇ ਕਾਹਨੂੰਵਾਨ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਘਪਲਿਆਂ ਦਾ ਰਿਕਾਰਡ ਬਣਾਉਣ ਵਾਲੀ ਕਾਂਗਰਸ ਪਾਰਟੀ ਦਾ ਦੇਸ਼ ਵਿਚੋਂ ਖਾਤਮਾ ਤੈਅ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਂ ਚਮਕਾਇਆ ਹੈ। ਉਨ੍ਹਾਂ ਹਲਕਾ ਗੁਰਦਾਸਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਵ. ਵਿਨੋਦ ਖੰਨਾ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਅਤੇ ਹਲਕੇ ਦੇ ਬਹੁਪੱਖੀ ਵਿਕਾਸ ਲਈ ਸਵਰਨ ਸਲਾਰੀਆ ਨੂੰ ਸਫਲ ਬਣਾਉਣ।
ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਗੱਠਜੋੜ ਸਰਕਾਰ ਸਮੇਂ ਉਨ੍ਹਾਂ ਦੇ ਹਲਕੇ ਦੇ 250 ਨੌਜਵਾਨਾਂ ਨੂੰ ਆਈ. ਟੀ. ਆਈ. 'ਚ ਨੌਕਰੀ ਦਿੱਤੀ ਗਈ ਸੀ, ਜਿਨ੍ਹਾਂ ਦੀ ਭਰਤੀ ਨਿਯਮਾਂ ਤਹਿਤ ਕੀਤੀ ਗਈ ਸੀ ਪਰ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਉਕਤ ਸੈਂਕੜੇ ਨੌਜਵਾਨਾਂ ਨੂੰ ਨੌਕਰੀਓਂ  ਫਾਰਗ ਕਰ ਕੇ ਉਨ੍ਹਾਂ ਦਾ ਰੋਜ਼ਗਾਰ ਖੋਹ ਲਿਆ। 
ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਧਾਰੀਵਾਲ ਦੀ ਬੰਦ ਪਈ ਧਾਗਾ ਮਿੱਲ ਨੂੰ ਮੁੜ ਚਾਲੂ ਕਰਵਾਉਣ ਲਈ ਹਲਕੇ ਦੀ ਵਾਗਡੋਰ ਗੱਠਜੋੜ ਉਮੀਦਵਾਰ ਸਵਰਨ ਸਲਾਰੀਆ ਨੂੰ ਸੌਂਪਣ ਦੀ ਜ਼ਰੂਰਤ ਹੈ।
ਹਲਕਾ ਉਮੀਦਵਾਰ ਸਵਰਨ ਸਲਾਰੀਆ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੀ ਹੈ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ, ਮੋਬਾਇਲ ਜਾਂ ਬੇਰੋਜ਼ਗਾਰੀ ਭੱਤਾ ਆਦਿ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਾਅਦਾਖਿਲਾਫੀ ਦਾ ਜਵਾਬ ਇਸ ਉਪ ਚੋਣ ਵਿਚ ਲੋਕ ਜ਼ਰੂਰ ਦੇਣਗੇ। ਇਸ ਸਮੇਂ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ, ਅਬੋਹਰ ਦੇ ਵਿਧਾਇਕ ਅਰੁਣ ਨਾਰੰਗ, ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ, ਸਾਬਕਾ ਮੰਤਰੀ ਡਾਕਟਰ ਬਲਦੇਵ ਰਾਜ ਚਾਵਲਾ, ਜਨਰਲ ਜੇ.ਜੇ. ਸਿੰਘ, ਭਾਜਪਾ ਦੇ ਜ਼ਿਲਾ ਪ੍ਰਧਾਨ ਸੁਰੇਸ਼ ਭਾਟੀਆ, ਨੌਜਵਾਨ ਆਗੂ ਜਗਰੂਪ ਸਿੰਘ ਸੇਖਵਾਂ ਆਦਿ ਵੀ ਹਾਜ਼ਰ ਸਨ।


Related News