ਸ਼੍ਰੋਮਣੀ ਅਕਾਲੀ ਦਲ ਮਿਊਂਸੀਪਲ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੇਗਾ : ਸੁਖਬੀਰ

12/22/2020 6:34:20 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਵੱਲੋਂ ਆਉਂਦੀਆਂ ਮਿਊਂਸੀਪਲ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਲੜੀਆਂ ਜਾਣਗੀਆਂ ਅਤੇ ਉਨ੍ਹਾਂ ਨੇ ਪਾਰਟੀ ਆਬਜ਼ਰਵਰਾਂ ਨੂੰ ਆਖਿਆ ਕਿ ਪਾਰਟੀ ਦੇ ਉਮੀਦਵਾਰ 5 ਜਨਵਰੀ ਤੱਕ ਤੈਅ ਕਰ ਦਿੱਤੇ ਜਾਣਗੇ।

ਮੁਹਾਲੀ ਤੋਂ ਪਾਰਟੀ ਦੇ ਕੌਂਸਲਰਾਂ, ਸਾਬਕਾ ਕੌਂਸਲਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਸੰਭਾਵੀ ਉਮੀਦਵਾਰਾਂ ਨੂੰ ਆਖਿਆ ਕਿ ਉਹ ਆਪੋ ਆਪਣੀਆਂ ਅਰਜ਼ੀਆਂ 31 ਦਸੰਬਰ ਤੱਕ ਜਮਾਂ ਕਰਵਾ ਦੇਣ। ਉਨ੍ਹਾਂ ਕਿਹਾ ਕਿ ਇਸ ਉਪਰੰਤ ਪੰਜ ਮੈਂਬਰੀ ਕਮੇਟੀ ਜਿਸ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐੱਨ ਕੇ ਸ਼ਰਮਾ, ਕੁਲਵੰਤ ਸਿੰਘ, ਚਰਨਜੀਤ ਸਿੰਘ ਬਰਾੜ ਤੇ ਕੰਵਲਜੀਤ ਸਿੰਘ ਰੂਬੀ ਸ਼ਾਮਲ ਹਨ, 1 ਜਨਵਰੀ ਨੂੰ ਮੀਟਿੰਗ ਕਰ ਕੇ ਉੁਮੀਦਵਾਰਾਂ ਦੀ ਸਕਰੀਨਿੰਗ ਕਰਨਗੇ। ਪਾਰਟੀ ਦੇ ਸਾਰੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੀਟਿੰਗ ਵਿਚ ਹਾਜ਼ਰ ਸਨ।

ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਵਿਚ ਮੌਜੂਦਾ ਮੇਅਰ ਕੁਲਵੰਤ ਸਿੰਘ ਤੇ ਪਾਰਟੀ ਕੌਂਸਲਰਾਂ ਦੀ ਟੀਮ ਵੱਲੋਂ ਕੀਤੇ ਲਾਮਿਸਾਲ ਕੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਰਿਕਾਰਡ ਵਿਕਾਸ ਕਾਰਜ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਕਾਂਗਰਸ ਪਾਰਟੀ ਅਤੇ ਮੁਹਾਲੀ ਦੇ ਵਿਧਾਇਕ ਤੇ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਰਾਰਾ ਸਬਕ ਸਿਖਾਇਆ ਜਾਵੇ ਜਿਨ੍ਹਾਂ ਨੇ ਸ਼ਹਿਰ ਵਿਚ ਵਿਕਾਸ ਕਾਰਜ ਰੁਕਵਾਉਣ ਲਈ ਅੜਿਕੇ ਲਾਏ।

 

Gurminder Singh

This news is Content Editor Gurminder Singh