ਕਸ਼ਮੀਰ ''ਚ ਪਿੰਕੀ ਦੀ ਧਮਾਕੇ ''ਚ ਹੋਈ ਮੌਤ ਦਾ ਮਾਮਲਾ, ਸੁਖਬੀਰ ਵਲੋਂ ਪੜਤਾਲ ਲਈ 3 ਮੈਂਬਰੀ ਕਮੇਟੀ ਗਠਿਤ

09/25/2017 8:36:25 AM

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿਚ ਜੰਮੂ ਕਸ਼ਮੀਰ ਦੇ ਸਿੱਖ ਆਬਾਦੀ ਵਾਲੇ ਪਿੰਡ ਤਰਾਲ 'ਚ ਸਿੱਖ ਲੜਕੀ ਰਮਨਦੀਪ ਕੌਰ ਪਿੰਕੀ ਦੀ ਧਮਾਕੇ 'ਚ ਹੋਈ ਦਰਦਨਾਕ ਮੌਤ 'ਤੇ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰ ਨਾਲ ਸਬੰਧਤ ਇਸ ਬੱਚੀ ਦੀ ਮੌਤ ਦੀ ਖਬਰ ਸੁਣ ਕੇ ਸਾਰੇ ਸਿੱਖ ਹਿਰਦੇ ਵਲੂੰਧਰੇ ਗਏ ਹਨ। 
ਦੱਸਣਯੋਗ ਹੈ ਕਿ ਰਮਨਦੀਪ ਕੌਰ ਪਿੰਕੀ ਬਹੁਤ ਹੀ ਹੋਣਹਾਰ ਲੜਕੀ ਸੀ ਤੇ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ (ਆਈ. ਯੂ. ਐੱਸ. ਟੀ.) ਵਿਚ ਐੱਮ. ਬੀ. ਏ. ਦੀ ਦੂਜੇ ਸਮੈਸਟਰ ਦੀ ਵਿਦਿਆਰਥਣ ਸੀ। 
ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਰਿਪੋਰਟ ਹਾਸਲ ਕਰਨ ਵਾਸਤੇ ਬਾਦਲ ਨੇ ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਜੰਮੂ ਕਸ਼ਮੀਰ ਵਿਚ ਜਾ ਕੇ ਇਸ ਬੱਚੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਸਾਰੀ ਸਥਿਤੀ ਦੀ ਜਾਣਕਾਰੀ ਹਾਸਲ ਕਰੇਗੀ। ਉਪਰੰਤ ਆਪਣੀ ਰਿਪੋਰਟ ਪਾਰਟੀ ਨੂੰ ਪੇਸ਼ ਕਰੇਗੀ। ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਸ਼ਾਮਲ ਕੀਤਾ ਗਿਆ ਹੈ।  ਡਾ. ਚੀਮਾ ਨੇ ਦੱਸਿਆ ਕਿ ਬਾਦਲ ਨੇ ਕਿਹਾ ਹੈ ਕਿ ਇਸ ਘਟਨਾ ਨਾਲ ਜੰਮੂ ਕਸ਼ਮੀਰ ਵਿਚ ਰਹਿੰਦੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਵਿਚ ਅਸੁਰੱਖਿਆ ਦੀ ਭਾਵਨਾ ਵਧੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੀ ਰਿਪੋਰਟ ਪ੍ਰਾਪਤ ਹੋਣ ਮਗਰੋਂ ਪਾਰਟੀ ਇਸ ਗੱਲ 'ਤੇ ਮੰਥਨ ਕਰੇਗੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਤੇ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਕੀ ਕਦਮ ਲੋੜੀਂਦੇ ਹਨ ਤੇ ਇਸ ਅਨੁਸਾਰ ਹੀ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਜਾਵੇਗੀ।