ਪੋਲ ਖੋਲ੍ਹ ਰੈਲੀ 'ਚ ਹਰਸਿਮਰਤ ਤੇ ਸੁਖਬੀਰ ਨੇ ਕਾਂਗਰਸ ਪ੍ਰਤੀ ਕੱਢੀ ਭੜਾਸ

02/23/2018 4:25:20 PM

ਬਠਿੰਡਾ (ਸੰਦੀਪ ਮਿੱਤਲ) — ਸ਼੍ਰੋਮਣੀ ਅਕਾਲੀ ਦਲ ਪੂਰੇ ਸੂਬੇ 'ਚ ਸੱਤਾਧਾਰੀ ਕਾਂਗਰਸ ਦੀ ਸਰਕਾਰ ਦੇ ਵਿਰੁੱਧ ਪੋਲ-ਖੋਲ੍ਹ ਰੈਲੀਆਂ ਕਰ ਰਹੀ ਹੈ। ਰੈਲੀਆਂ ਦੀ ਸ਼ੁਰੂਆਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 7 ਫਰਵਰੀ ਨੂੰ ਫਾਜ਼ਿਲਕਾ ਤੋਂ ਕੀਤੀ। ਇਨ੍ਹਾਂ ਰੈਲੀਆਂ 'ਚ ਜਨਤਾ ਨੂੰ ਸਰਕਾਰ ਦੀਆਂ ਅਸਫਲਤਾਵਾਂ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ।
ਹਲਕਾ ਸਰਦੂਲਗੜ੍ਹ 'ਚ ਆਯੋਜਿਤ ਕੀਤੀ ਗਈ ਅਕਾਲੀ ਦਲ ਦੀ ਪੋਲ ਖੋਲ੍ਹ ਰੈਲੀ 'ਚ ਅੱਜ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਬਠਿੰਡਾ ਤੋਂ ਸਾਂਸਦ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਹਰ ਪੱਖ ਤੋਂ ਫੇਲ ਸਾਬਿਤ ਹੋ ਚੁੱਕੀ ਹੈ। ਆਪਣੇ ਜ਼ਿੱਦੀ ਅੰਦਾਜ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲਈ ਕੇਂਦਰ ਤੋਂ ਕਿਸੇ ਕਿਸਮ ਦੀ ਸਹਾਇਤਾ ਤੇ ਰਿਆਇਤ ਲੈਣ 'ਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਸਰਕਾਰ ਤੋਂ ਪੰਜਾਬ ਲਈ ਗ੍ਰਾਂਟਾਂ ਲੈਂਦੇ ਰਹਿਣਗੇ ਤਾਂ ਜੋ ਪੰਜਾਬ ਖੁਸ਼ਹਾਲ ਰਹੇ। ਬੀਬੀ ਬਾਦਲ ਨੇ ਕਿਹਾ ਪੋਲ ਖੋਲ੍ਹ ਰੈਲੀਆਂ 'ਚ ਪਹੁੰਚੀ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਨੂੰ ਫਿਰ ਸੇਵਾ ਦੇਣ ਦਾ ਆਧਾਰ ਬੰਨ ਰਹੀ ਹੈ।
ਉਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਾਂਗਰਸ 'ਤੇ ਜੰਮ ਕੇ ਨਿਸ਼ਾਨੇ ਸਾਧੇ। ਬਾਦਲ ਨੇ ਕਿਹਾ ਕਿ ਕਾਂਗਰਸ ਚੋਣ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ। ਰੈਲੀ 'ਚ ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ, 'ਜੋਜੋ' ਤੇ ਰਿਫਾਇਨਰੀ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਾਂਗਰਸ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ। ਸੁਖਬੀਰ ਬਾਦਲ ਨੇ ਕਿਹਾ ਕਿ ਜੋਜੋ ਟੈਕਸ ਤੇ ਗੁੰਡਾ ਟੈਕਸ ਵਪਾਰ ਤੇ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਬਾਦਲ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਵਿਧਾਇਕ ਰਿਫਾਇਨਰੀ ਦੇ ਠੇਕੇਦਾਰ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਰੇਤੇ ਬਜਰੀ ਦੇ ਪ੍ਰਤੀ ਟਰੱਕ ਤੋਂ 20 ਹਜ਼ਾਰ ਰੁਪਏ ਦਾ ਗੁੰਡਾ ਟੈਕਸ ਵਸੂਲ ਰਹੇ ਹਨ।