ਬਿਜਲੀ ਕੁਨੈਕਸ਼ਨਾਂ ਲਈ ਬਿੱਲ ਲਾਗੂ ਕਰਨਾ ਕਿਸਾਨਾਂ ਨਾਲ ਫਿਰ ਧੋਖਾ : ਅਕਾਲੀ ਦਲ

09/24/2017 9:37:18 AM

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਵਿਚ ਕਾਂਗਰਸ ਸਰਕਾਰ ਵੱਲੋਂ ਖੇਤੀਬਾੜੀ ਖੇਤਰ 'ਚ ਟਿਊਬਵੈੱਲ ਕੁਨੈਕਸ਼ਨ ਲਈ ਬਿਜਲੀ ਬਿੱਲ ਲਾਗੂ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਮੁੱਖ ਵਾਅਦਿਆਂ ਵਿਚੋਂ ਇਕ ਹੋਰ 'ਤੇ ਕਿਸਾਨਾਂ ਨਾਲ ਧੋਖਾ ਕਰ ਕੇ ਧਰੋਹ ਕਮਾਇਆ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹੁਣ ਖੇਤੀਬਾੜੀ ਖੇਤਰ ਵਾਸਤੇ ਨਵੇਂ ਬਿਜਲੀ ਕੁਨੈਕਸ਼ਨ ਲਈ ਬਿੱਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਾਸਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਆਪਣੇ ਦਫਤਰੀ ਪੱਤਰ ਨੰਬਰ 1629/33/ਏ. ਪੀ. ਪਾਲਿਸੀ 2017-18 ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਨਵੇਂ ਕੁਨੈਕਸ਼ਨ ਸਿਰਫ ਉਨ੍ਹਾਂ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ, ਜਿਹੜੇ ਬਿਜਲੀ ਬਿੱਲ ਭਰਨ ਵਾਸਤੇ ਰਾਜ਼ੀ ਹੋਣਗੇ । ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਭਾਰੀ ਕਰਜ਼ਿਆਂ ਦੇ ਜਾਲ ਵਿਚ ਫਸੇ ਕਿਸਾਨਾਂ ਨੂੰ ਖੇਤਾਂ ਵਿਚ ਕੰਮ ਕਰਨ ਵਾਸਤੇ ਬਿਜਲੀ ਕੁਨੈਕਸ਼ਨ ਹਾਸਲ ਕਰਨ ਲਈ ਬਿਜਲੀ ਬਿੱਲ ਅਦਾ ਕਰਨ ਵਾਸਤੇ ਮਜਬੂਰ ਕਰ ਰਹੀ ਹੈ।    
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਹੋਰ ਕਿਹਾ ਕਿ ਬਿਜਲੀ ਬਿੱਲ ਹੁਣ ਨਵੇਂ ਖਪਤਕਾਰਾਂ 'ਤੇ ਉਸ ਵੇਲੇ ਲਾਗੂ ਕੀਤੇ ਗਏ ਹਨ ਜਦੋਂ ਮੀਡੀਆ ਰਿਪੋਰਟਾਂ ਵਿਚ ਇਹ ਦੱਸਿਆ ਗਿਆ ਸੀ ਕਿ ਕਾਂਗਰਸ ਸਰਕਾਰ ਅਗਲੇ ਸਾਉਣੀ ਸੀਜ਼ਨ ਤੋਂ ਹਰ ਕਿਸਾਨ ਲਈ ਬਿਜਲੀ ਬਿੱਲ ਲਾਗੂ ਕਰਨ ਦਾ ਮਨ ਬਣਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਨਵੇਂ ਕੁਨੈਕਸ਼ਨ 'ਤੇ ਬਿੱਲ ਲਾਗੂ ਹੋਣ ਨੇ ਸਰਕਾਰ ਦੀ ਭਵਿੱਖ ਦੀ ਮਨਸ਼ਾ ਸਪੱਸ਼ਟ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਲਈ ਖੇਤੀਬਾੜੀ ਲਈ ਬਿਜਲੀ ਸਬਸਿਡੀ ਖਤਮ ਕਰਨ ਦਾ ਜ਼ੋਰਦਾਰ ਵਿਰੋਧ ਕਰੇਗਾ ਕਿਉਂਕਿ ਕਾਂਗਰਸ ਨੇ ਪਹਿਲਾਂ ਹੀ ਕਰਜ਼ਾ ਮੁਆਫੀ ਦੇ ਮਾਮਲੇ 'ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਵਾਅਦੇ ਨੂੰ ਪੂਰਾ ਕਰਨ ਤੋਂ ਭੱਜੀ ਸਰਕਾਰ ਹੁਣ ਦੂਜੇ ਵਾਅਦੇ 'ਤੇ ਵੀ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਜੋ ਕਿ ਸੂਬੇ ਦੇ ਕਿਸਾਨਾਂ ਲਈ ਬੇਹੱਦ ਘਾਤਕ ਸਿੱਧ ਹੋਵੇਗਾ ਕਿਉਂਕਿ ਰਾਜ ਦੇ ਕਿਸਾਨ ਤਾਂ ਪਹਿਲਾਂ ਹੀ ਭਾਰੀ ਕਰਜ਼ਿਆਂ ਦੀ ਮਾਰ ਹੇਠ ਹਨ ਤੇ ਬਿਜਲੀ ਦੇ ਬਿੱਲ ਅਦਾ ਕਰਨ ਦੇ ਸਮਰੱਥ ਨਹੀਂ ਹਨ।