ਰਾਸ਼ਟਰਪਤੀ ਚੁਣੇ ਜਾਣ 'ਤੇ ਅਕਾਲੀ ਦਲ ਨੇ 'ਰਾਮਨਾਥ ਕੋਵਿੰਦ' ਨੂੰ ਦਿੱਤੀ ਵਧਾਈ

07/20/2017 5:37:05 PM

ਚੰਡੀਗੜ੍ਹ : ਭਾਰਤ ਦਾ 14ਵਾਂ ਰਾਸ਼ਟਰਪਤੀ ਚੁਣੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਮਨਾਥ ਕੋਵਿੰਦ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਅਕਾਲੀ ਦਲ ਨੇ ਇਕ ਕਿਸਾਨ ਦੇ ਪੁੱਤਰ ਨੂੰ ਰਾਸ਼ਟਰਪਤੀ ਭਵਨ ਲਈ ਨਾਮਜ਼ਦ ਕੀਤੇ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕੀਤੀ। 
ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵਾਂ ਨੇ ਕਿਹਾ ਕਿ ਕੋਵਿੰਦ ਦੀ ਜਿੱਤ ਉਨ੍ਹਾਂ ਸਾਰੀਆਂ ਤਰਕਸੰਗਤ ਤਾਕਤਾਂ ਦੀ ਜਿੱਤ ਹੈ, ਜਿਹੜੀਆਂ ਦੇਸ਼ ਨੂੰ ਤਰੱਕੀ ਦੇ ਰਾਹਾਂ ਉੱਤੇ ਲੈ ਕੇ ਜਾਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਆਪਣੀ ਸ਼ਖਸੀਅਤ ਅਤੇ ਕਰਮਯੋਗੀ ਕਿਰਦਾਰ ਦੇ ਬਲਬੂਤੇ ਜਿਸ ਤਰੀਕੇ ਨਾਲ ਕੋਵਿੰਦ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲੇ, ਉਸ ਵਾਸਤੇ ਉਹ ਵਧਾਈ ਦੇ ਹੱਕਦਾਰ ਹਨ।
ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਵੇਂ ਰਾਸ਼ਟਰਪਤੀ ਭਾਰਤ ਦੇ ਨੌਜਵਾਨਾਂ ਲਈ ਨਕਸ਼ੇ ਕਦਮਾਂ ਉੱਤੇ ਚੱਲਣ ਵਾਸਤੇ ਇਕ ਪ੍ਰੇਰਣਾ ਹਨ। ਕੋਵਿੰਦ ਨੇ ਬਹੁਤ ਹੀ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ ਸਿਰਫ ਆਪਣੇ ਬਲਬੂਤੇ ਇਕ ਮੁਕਾਮ ਹਾਸਲ ਕੀਤਾ। ਬਤੌਰ ਵਕੀਲ ਉਨ੍ਹਾਂ ਨੇ ਸਮਾਜ ਦੇ ਲਿਤਾੜੇ ਵਰਗਾਂ ਦੀ ਭਲਾਈ ਲਈ ਬਹੁਤ ਸ਼ਾਨਦਾਰ ਕੰਮ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੋਵਿੰਦ ਜੀ ਦਾ ਕਾਨਪੁਰ ਦੇਹਾਤ ਤੋਂ ਰਾਸ਼ਟਰਪਤੀ ਭਵਨ ਤਕ ਦਾ ਸਫਰ ਹਲੀਮੀ, ਸਖਤ ਮਿਹਨਤ ਅਤੇ ਸਮਾਜ ਦੀ ਸੇਵਾ ਨਾਲ ਓਤਪੋਤ ਹੈ। ਸਾਡੀ ਪਾਰਟੀ ਅਤੇ ਪੰਜਾਬੀ ਇਕ ਅਜਿਹੇ ਵਿਅਕਤੀ ਨੂੰ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਲਈ ਚੁਣ ਕੇ ਫਖਰ ਮਹਿਸੂਸ ਕਰਦੇ ਹਨ।
ਦੋਵੇਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਕੋਵਿੰਦ ਰਾਸ਼ਟਰਪਤੀ ਭਵਨ ਦਾ ਸਤਿਕਾਰ ਅਤੇ ਰੁਤਬਾ ਹੋਰ ਉੱਚਾ ਕਰਨਗੇ। ਕੋਵਿੰਦ ਦਾ ਬਿਹਾਰ ਦੇ ਰਾਜਪਾਲ ਵਜੋਂ ਕਾਰਗੁਜ਼ਾਰੀ ਬਹੁਤ ਹੀ ਨਿਰਪੱਖ ਭੂਮਿਕਾ ਵਾਲੀ ਰਹੀ ਹੈ। ਵਕੀਲ ਹੋਣ ਕਰਕੇ ਉਨ੍ਹਾਂ ਨੂੰ ਸੰਵਿਧਾਨਿਕ ਮਾਮਲਿਆਂ ਦੀ ਡੂੰਘੀ ਸਮਝ ਹੈ। ਉਹ ਸੁਪਰੀਮ ਕੋਰਟ ਦੇ ਵੀ ਵਕੀਲ ਰਹੇ ਹਨ। ਅਸੀਂ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਨਾਗਰਿਕ ਦਾ ਰੁਤਬਾ ਹਾਸਲ ਕਰਨ ਲਈ ਢੇਰ ਸਾਰੀਆਂ ਵਧਾਈਆਂ ਦਿੰਦੇ ਹਾਂ।ਜ਼ਿਕਰਯੋਗ ਹੈ ਕਿ ਰਾਮਨਾਥ ਕੋਵਿੰਦ ਨੇ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਮਾਤ ਦੇ ਕੇ 7,02,044 ਵੋਟਾਂ ਹਾਸਲ ਕੀਤੀਆਂ। ਰਾਮਨਾਥ ਕੋਵਿੰਦ 25 ਜੁਲਾਈ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਸਹੁੰ ਚੁੱਕਣਗੇ।