ਰੇਤ ਖੱਡ ਘਪਲੇ ਦੀ ਸੀ. ਬੀ. ਆਈ. ਜਾਂਚ ਹੋਵੇ : ਪ੍ਰੋ. ਚੰਦੂਮਾਜਰਾ

06/11/2017 11:28:39 AM

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਨ੍ਹਾਂ ਦਫਤਰੀ ਖਾਮੀਆਂ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਜਿਨ੍ਹਾਂ ਕਾਰਨ 21 ਮਈ ਨੂੰ ਹੋਈ ਰੇਤ ਖੱਡਾਂ ਦੀ ਬੋਲੀ ਦੌਰਾਨ ਕਾਂਗਰਸੀ ਆਗੂ ਨਾਜਾਇਜ਼ ਤਰੀਕੇ ਨਾਲ ਬੋਲੀਆਂ ਹਾਸਲ ਵਿਚ ਕਾਮਯਾਬ ਹੋਏ ।ਪਾਰਟੀ ਨੇ ਇਹ ਵੀ ਕਿਹਾ ਹੈ ਕਿ ਦੂਜੇ ਪੜਾਅ ਦੀ ਬੋਲੀ ਰੱਦ ਕੀਤੇ ਜਾਣ ਨਾਲ ਇਹ ਗੱਲ ਸਾਬਿਤ ਹੋ ਗਈ ਹੈ ਕਿ ਪਹਿਲੀ ਬੋਲੀ ਵਿਚ ਭਾਰੀ ਹੇਰਾਫੇਰੀਆਂ ਕੀਤੀਆਂ ਗਈਆਂ ਸਨ ।ਅਕਾਲੀ ਦਲ ਨੇ ਕਿਹਾ ਹੈ ਕਿ ਇਹ ਸੀ. ਬੀ. ਆਈ. ਜਾਂਚ ਦਫਤਰੀ ਖਾਮੀਆਂ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਖਨਨ ਵਿਭਾਗ ਦੇ ਅਧਿਕਾਰੀਆਂ ਸਮੇਤ ਉਨ੍ਹਾਂ ਕੁੱਝ ਖਾਸ ਬੰਦਿਆਂ 'ਤੇ ਕੇਂਦਰਿਤ ਹੋਣੀ ਚਾਹੀਦੀ ਹੈ, ਜਿਹੜੇ ਨਵੀਂ ਨੀਤੀ ਬਣਾਉਣ ਅਤੇ 21 ਮਈ ਦੀ ਬੋਲੀ ਕਰਵਾਉਣ ਲਈ ਜ਼ਿੰਮੇਵਾਰ ਹਨ।
ਇਸ ਬਾਰੇ ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਫ ਦਿਸਦਾ ਹੈ ਕਿ ਸੀਨੀਅਰ ਕਾਂਗਰਸੀ ਆਗੂਆਂ ਅਤੇ ਮੰਤਰੀਆਂ ਵੱਲੋਂ ਰੇਤ ਦੀਆਂ ਖੱਡਾਂ ਲਈ ਆਪਣੇ ਬੰਦਿਆਂ ਰਾਹੀਂ ਦਿਵਾਈਆਂ ਬੋਲੀਆਂ ਪ੍ਰਤੀ ਅਧਿਕਾਰੀਆਂ ਨੇ ਅੱਖਾਂ ਮੀਚ ਲਈਆਂ ਸਨ । ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖੁਲਾਸਾ ਹੋਣਾ ਚਾਹੀਦਾ ਹੈ ਕਿ ਕਿਸ ਵਿਅਕਤੀ ਨੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਾਨਸਾਮੇ ਅਤੇ ਕਰਮਚਾਰੀਆਂ ਨੂੰ ਬੋਲੀ ਦੇਣ ਦੀ ਇਜਾਜ਼ਤ ਦਿੱਤੀ ਅਤੇ 17 ਕਾਂਗਰਸੀ ਵਿਧਾਇਕਾਂ ਨੂੰ ਇੱਕ ਬੋਲੀ ਦੇਣ ਦੀ ਆਗਿਆ ਦਿੱਤੀ । ਚੰਦੂਮਾਜਰਾ ਨੇ ਕੱਲ ਨੂੰ ਬਾਕੀ ਬਚਦੀਆਂ 55 ਖੱਡਾਂ ਦੀ ਬੋਲੀ ਰੱਦ ਕੀਤੇ ਜਾਣ ਨੂੰ ਮਹਿਜ਼ ਡਰਾਮਾ ਕਰਾਰ ਦਿੰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਦੀ ਨੀਅਤ ਖੱਡਾਂ ਦੀ ਨਿਲਾਮੀ ਨਿਰਪੱਖ ਤਰੀਕੇ ਨਾਲ ਕਰਵਾਉਣ ਦੀ ਹੈ ਤਾਂ ਉਸ ਨੂੰ 21 ਮਈ ਦੀ ਬੋਲੀ ਵੀ ਰੱਦ ਕਰ ਦੇਣੀ ਚਾਹੀਦੀ ਹੈ।