ਪੰਜਾਬ ''ਚ ਯੂਥ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਗ੍ਰਹਿਣ!

03/10/2018 9:53:25 AM

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦਾ ਹੁਣ ਤੱਕ ਪੰਜਾਬ ਪੱਧਰ 'ਤੇ ਕੋਈ ਵੀ ਪ੍ਰਧਾਨ ਪਾਰਟੀ ਨੂੰ ਨਹੀਂ ਲੱਭ ਰਿਹਾ, ਜਿਸ 'ਤੇ ਵੀ ਨਜ਼ਰ ਮਾਰੀ ਜਾ ਰਹੀ ਹੈ, ਉਸ ਦਾ ਕੱਦ ਪ੍ਰਧਾਨਗੀ ਦੇ ਮੇਚ ਨਹੀਂ ਆ ਰਿਹਾ, ਕਿਉਂਕਿ ਇਸ ਵੱਕਾਰੀ ਅਹੁਦੇ ਦੀ ਪ੍ਰਧਾਨਗੀ ਦੋ ਵੱਡੇ ਯੂਥ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਕਿਰਨਵੀਰ ਸਿੰਘ ਕੰਗ ਇਸ ਤਰੀਕੇ ਨਾਲ ਕਰ ਕੇ ਗਏ ਹਨ, ਜੋ ਭਵਿੱਖ 'ਚ ਕੋਈ ਯੂਥ ਅਕਾਲੀ ਆਗੂ ਨਹੀਂ ਕਰ ਸਕਦਾ। ਇਸੇ ਕਰ ਕੇ ਹੁਣ ਤੱਕ ਯੂਥ ਵਿੰਗ ਨੂੰ ਪ੍ਰਧਾਨਗੀ ਦਾ ਦਾਅਵੇਦਾਰ ਆਗੂ ਨਹੀਂ ਲੱਭ ਰਿਹਾ।
2017 ਦੀਆਂ ਚੋਣਾਂ 'ਚ ਯੂਥ ਅਕਾਲੀ ਦਲ ਨੂੰ ਇਸ ਲੋਹੜੇ ਦੀਆਂ ਤਾਕਤਾਂ ਦੇ ਕੇ ਦੇਖ ਲਈਆਂ ਸਨ ਪਰ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ ਵਾਲੀ ਕਹਾਵਤ ਸਾਬਤ ਹੋਈ। ਹੁਣ ਇਕ ਵਾਰ ਫਿਰ ਯੂਥ ਵਿੰਗ ਦੇ ਆਗੂ ਸ. ਮਜੀਠੀਆ ਦਾ ਨਾਂ ਪ੍ਰਧਾਨਗੀ ਲਈ ਆਖ ਰਹੇ ਹਨ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸੇ ਕੀਮਤ 'ਤੇ ਸ. ਮਜੀਠੀਆ ਨੂੰ ਪ੍ਰਧਾਨਗੀ ਅਹੁਦਾ ਨਾ ਦੇਣ ਦੇ ਮੂਡ ਵਿਚ ਹਨ, ਕਿਉਂਕਿ ਉਹ ਜਾਣਦੇ ਹਨ ਕਿ ਵਿਰੋਧੀਆਂ ਨੇ ਅਕਾਲੀ ਦਲ 'ਤੇ ਸਾਲੇ-ਭਣੋਈਏ ਵੱਲੋਂ ਅਕਾਲੀ ਦਲ 'ਤੇ ਕਬਜ਼ਾ ਅਤੇ ਮੁੜ ਨਸ਼ੇ ਦੇ ਦੋਸ਼ ਲਾ ਸਕਦੇ ਹਨ, ਜਿਸ ਕਾਰਨ ਉਹ ਛੇਤੀ ਕੀਤੇ ਕੋਈ ਵੀ ਫੈਸਲੇ ਦੀ ਜਲਦਬਾਜ਼ੀ 'ਚ ਨਹੀਂ ਦੱਸੇ ਜਾ ਰਹੇ।