ਅਕਾਲੀ ਦਲ ਨੇ ਮੰਤਰੀ ਭਾਰਤ ਭੂਸ਼ਣ ਨੂੰ ਬਰਖਾਸਤ ਕਰਨ ਦੀ ਕੈਪਟਨ ਨੂੰ ਕੀਤੀ ਮੰਗ

05/11/2020 7:05:02 PM

ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਸੂਬੇ ਦੇ ਡਿਪੂ ਹੋਲਡਰਾਂ ਦੀਆਂ ਜਾਇਜ਼ ਸ਼ਿਕਾਇਤਾਂ ਦੂਰ ਕਰਨ 'ਚ ਨਾਕਾਮ ਰਹਿਣ ਵਾਲੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਤੁਰੰਤ ਬਰਖਾਸਤ ਕਰਨ, ਕਿਉਂਕਿ ਮੰਤਰੀ ਦੀ ਇਸ ਲਾਪਰਵਾਹੀ ਕਰਕੇ ਕੇਂਦਰ ਸਰਕਾਰ ਵੱਲੋਂ ਸੂਬੇ ਦੇ 1.4 ਕਰੋੜ ਲੋਕਾਂ ਲਈ ਭੇਜਿਆ ਰਾਸ਼ਨ ਵੰਡਿਆ ਨਹੀਂ ਜਾ ਸਕਿਆ ਹੈ।

ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦੇ ਅਕਾਲੀ ਦਲ ਦੇ ਬੁਲਾਰੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਖੁਰਾਕ ਅਤੇ ਸਪਲਾਈ ਮੰਤਰੀ ਵੱਲੋਂ ਵਿਖਾਈ ਅਪਰਾਧਿਕ ਲਾਪਰਵਾਹੀ ਨਾਲ ਨਾ ਸਿਰਫ ਦੋ ਡਿਪੂ ਹੋਲਡਰਾਂ ਦੀ ਮੌਤ ਹੋ ਚੁੱਕੀ ਹੈ ਸਗੋਂ ਰਾਸ਼ਨ ਨਾ ਮਿਲਣ ਕਰਕੇ ਗਰੀਬਾਂ ਅਤੇ ਲੋੜਵੰਦਾਂ ਦੀ ਵੀ ਮੰਦੀ ਹਾਲਤ ਹੈ। ਉਨ੍ਹਾਂ ਕਿਹਾ ਕਿ ਡਿਪੂ ਤੋਂ ਰਾਸ਼ਨ ਨਾ ਮਿਲਣ ਕਰਕੇ ਲੁਧਿਆਣਾ 'ਚ ਇਕ ਵਿਅਕਤੀ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਚੁੱਕਿਆ ਹੈ ਅਤੇ ਇਕ ਔਰਤ ਆਪਣਾ ਮਾਨਸਿਕ ਸਤੁੰਲਨ ਗੁਆ ਬੈਠੀ ਹੈ।

ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ, ਲੁਧਿਆਣਾ ਦੇ CMC 'ਚ ਬਜ਼ੁਰਗ ਨੇ ਤੋੜਿਆ ਦਮ

ਸਰਦਾਰ ਬਰਾੜ ਨੇ ਕਿਹਾ ਕਿ ਡਿਪੂ ਹੋਲਡਰ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਆਪਣਾ ਕਮਿਸ਼ਨ ਤਿਆਗ ਕੇ ਵੀ ਕੇਂਦਰ ਵੱਲੋਂ ਭੇਜਿਆ ਰਾਸ਼ਨ, ਜਿਸ 'ਚ ਕਣਕ ਅਤੇ ਦਾਲਾਂ ਸ਼ਾਮਲ ਹਨ, ਗਰੀਬਾਂ ਨੂੰ ਵੰਡਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰਾਂ ਨੇ ਸਰਕਾਰ ਕੋਲ ਇਹ ਬੇਨਤੀ ਕੀਤੀ ਹੈ ਕਿ ਉਨ੍ਹਾਂ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਜੇਕਰ ਰਾਸ਼ਨ ਵੰਡਦਿਆਂ ਕੋਵਿਡ-19 ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਪਰਿਵਾਰ ਨੂੰ 50  ਲੱਖ ਰੁਪਏ ਬੀਮੇ ਦੀ ਰਾਸ਼ੀ ਵਜੋਂ ਦਿੱਤੇ ਜਾਣ। ਇਸ ਤੋਂ ਇਲਾਵਾ ਉਹਨਾਂ ਨੇ ਸਾਰੇ ਡਿਪੂਆਂ ਉੱਤੇ ਦਸਤਾਨੇ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਉਣ ਦੀ ਵੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ: ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਹੋਏ ਵਿਵਾਦ 'ਤੇ ਬੋਲੇ ਮਜੀਠੀਆ, ਮੰਗੀ ਸੀ. ਬੀ. ਆਈ. ਜਾਂਚ

ਅਕਾਲੀ ਆਗੂ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ, ਭਾਰਤ ਭੂਸ਼ਨ ਆਸ਼ੂ ਨੇ ਡਿਪੂਆਂ ਹੋਲਡਰਾਂ ਨਾਲ ਮਿਲ ਕੇ ਉਹਨਾਂ ਦੀਆਂ ਸ਼ਿਕਾਇਤਾ ਸੁਣਨਾ ਵੀ ਮੁਨਾਸਿਬ ਨਹੀਂ ਸਮਝਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬਾ ਇਕ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਲੋਕਾਂ ਤਕ ਰਾਸ਼ਨ ਜਲਦੀ ਤੋਂ ਜਲਦੀ ਪਹੁੰਚਾਉਣ ਦੀ ਲੋੜ ਹੈ ਤਾਂ ਇੱਕ ਮੰਤਰੀ ਵੱਲੋਂ ਇਸ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਆਸ਼ੂ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਡਿਪੂ ਹੋਲਡਰਾਂ ਰਾਹੀਂ ਤੁਰੰਤ ਰਾਸ਼ਨ ਦੀ ਵੰਡ ਸ਼ੁਰੂ ਕਰਵਾਉਣੀ ਚਾਹੀਦੀ ਹੈ। ਸਰਦਾਰ ਬਰਾੜ ਨੇ ਇਹ ਵੀ ਦੱਸਿਆ ਕਿ ਗਲਤ ਬਣਾਏ ਗਏ ਕਾਰਡਾਂ ਨੂੰ ਲੈ ਕੇ ਲੋਕਾਂ ਅੰਦਰ ਬਹੁਤ ਜ਼ਿਆਦਾ ਗੁੱਸਾ ਹੈ, ਜੋ ਕਿ ਕਾਂਗਰਸੀ ਆਗੂਆਂ ਦੇ ਇਸ਼ਾਰੇ ਉੱਤੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੇਂਦਰੀ ਰਾਹਤ ਸਿਰਫ ਅਸਲੀ ਲੋੜਵੰਦਾਂ ਨੂੰ ਹੀ ਮਿਲੇ।

ਇਹ ਵੀ ਪੜ੍ਹੋ: ਰੂਪਨਗਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, ਇਕ ਹੀ ਦਿਨ 'ਚ 46 ਨਵੇਂ ਕੇਸ ਆਏ ਸਾਹਮਣੇ

shivani attri

This news is Content Editor shivani attri