ਵੱਡੇ ਤੇ ਛੋਟੇ ਬਾਦਲ ਸਣੇ ਦਲਜੀਤ ਚੀਮਾ ਨੂੰ ਮੁੜ ਨੋਟਿਸ ਜਾਰੀ, 20 ਨੂੰ ਅਦਾਲਤ ''ਚ ਪੇਸ਼ ਹੋਣ ਦੇ ਹੁਕਮ

12/03/2019 6:51:52 PM

ਹੁਸ਼ਿਆਰਪੁਰ (ਘੁੰਮਣ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੂੰ ਅਦਾਲਤ ਵੱਲੋਂ 20 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਦਰਅਸਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਅਤੇ ਕੇਂਦਰੀ ਚੋਣ ਕਮਿਸ਼ਨ 'ਚ 2 ਵੱਖ-ਵੱਖ ਸੰਵਿਧਾਨ ਪੇਸ਼ ਕਰਨ ਕਾਰਨ ਹੁਸ਼ਿਆਰਪੁਰ ਦੇ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਦੀ ਦਰਜ ਮੰਗ 'ਤੇ ਅੱਜ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਏ. ਸੀ. ਜੇ. ਐੱਮ. ਮੋਨਿਕਾ ਸ਼ਰਮਾ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ 'ਚ ਬਲਵੰਤ ਸਿੰਘ ਖੇੜਾ ਦੇ ਨਾਲ ਉਨ੍ਹਾਂ ਦੇ ਵਕੀਲ ਐਡਵੋਕੇਟ ਬੀ. ਐੱਸ. ਰਿਆੜ ਅਤੇ ਹਿਤੇਸ਼ ਪੁਰੀ ਵੀ ਮੌਜੂਦ ਸਨ। 

ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਅਤੇ ਓਮ ਪ੍ਰਕਾਸ਼ ਸਟਿਆਣਾ ਨੇ ਅੱਜ ਇਥੇ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਾਣਯੋਗ ਸੀਨੀਅਰ ਡਿਵੀਜ਼ਨ ਜੱਜ-ਕਮ-ਜ਼ਿਲਾ ਨਿਆਇਕ ਅਧਿਕਾਰੀ ਮੋਨਿਕਾ ਮਹਾਜਨ ਦੀ ਅਦਾਲਤ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਐੱਸ . ਏ . ਡੀ . ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਡਾ. ਦਲਜੀਤ ਸਿੰਘ ਚੀਮਾ ਨੂੰ ਦੋਬਾਰਾ ਨੋਟਿਸ ਜਾਰੀ ਕਰਕੇ 20 ਦਸੰਬਰ ਨੂੰ ਅਦਾਲਤ 'ਚ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ। 

ਇਨ੍ਹਾਂ ਨੇਤਾਵਾਂ ਨੇ ਦੱਸਿਆ ਕਿ ਅਦਾਲਤ ਨੇ ਇਨ੍ਹਾਂ ਆਗੂਆਂ ਵਿਰੁੱਧ ਧੋਖਾਧੜੀ ਅਤੇ ਜਾਲਸਾਜੀ ਦੇ ਕਥਿਤ ਇਲਜ਼ਾਮ 'ਚ ਸਜ਼ਾ ਜ਼ਾਬਤਾ ਦੀ ਧਾਰਾ 182, 199, 200, 420, 465, 466, 468, 471 ਅਤੇ 120 ਦੇ ਅਧੀਨ ਮਾਮਲਾ ਬਣਦਾ ਪਾਇਆ ਹੈ। ਖੇੜਾ ਅਤੇ ਸਟਿਆਨਾ ਨੇ ਦੱਸਿਆ ਕਿ ਸਾਲ 2009 'ਚ ਇਸ ਸਬੰਧੀ ਸ਼ਿਕਾਇਤ ਕੀਤੀ ਸੀ ਕਿ ਇਸ ਕੇਸ ਦੀ ਪੈਰਵੀ ਐਡਵੋਕੇਟ ਬੀ . ਐੱਸ . ਰਿਆੜ ਅਤੇ ਹਿਤੇਸ਼ ਪੁਰੀ ਕਰ ਰਹੇ ਹਨ । ਦੱਸਣਯੋਗ ਹੈ ਕਿ ਇਸ ਧਾਰਾਵਾਂ ਅਧੀਨ 2 ਸਾਲ ਤੋਂ ਲੈ ਕੇ 7 ਸਾਲ ਦੀ ਕੈਦ ਅਤੇ ਜੁਰਮਾਨਾ ਦਾ ਐਕਟ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਪਾਰਟੀ ਨੇ ਸਾਲ 1989 'ਚ ਜਾਅਲੀ ਦਸਤਾਵੇਜ ਪੇਸ਼ ਕਰਕੇ ਰਾਜਨੀਤਿਕ ਪਾਰਟੀ ਦੇ ਤੌਰ 'ਤੇ ਮਾਨਤਾ ਪ੍ਰਾਪਤ ਕੀਤੀ ਸੀ। ਇਹ ਪਾਰਟੀ ਗਲਤ ਤੌਰ 'ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਦੀ ਹੈ।

shivani attri

This news is Content Editor shivani attri