ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦੇ ਮਾਮਲੇ ''ਤੇ ਫੈਸਲਾ 30 ਅਕਤੂਬਰ ਨੂੰ

10/19/2019 6:12:09 PM

ਹੁਸ਼ਿਆਰਪੁਰ  (ਅਮਰੀਕ)— ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਦੀ ਮੰਗ 'ਤੇ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਮੋਨਿਕਾ ਸ਼ਰਮਾ ਦੀ ਅਦਾਲਤ 'ਚ ਸੁਣਵਾਈ ਹੋਈ। ਦੋਹਾਂ ਪੱਖਾਂ ਵੱਲੋਂ ਬਹਿਸ ਦੇ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 30 ਅਕਤੂਬਰ ਤੈਅ ਕੀਤੀ ਗਈ ਹੈ। ਧਿਆਨ ਯੋਗ ਰਹੇ ਕਿ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਨੂੰ ਖਤਮ ਕਰਨ ਸਬੰਧੀ ਮੰਗ ਅਦਾਲਤ ਦੇ ਸਾਹਮਣੇ 20 ਫਰਵਰੀ 2009 ਨੂੰ ਕੀਤੀ ਸੀ। ਇਸ ਮੰਗ 'ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਰਣਜੀਤ ਸਿੰਘ ਬਰਹਮਪੁਰਾ, ਕਿਰਪਾਲ ਸਿੰਘ ਬਡੂੰਗਰ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸ਼ਿੰਦਾ ਦੇ ਖਿਲਾਫ ਕਈ ਗੰਭੀਰ ਇਲਜ਼ਾਮ ਲਾਏ ਹਨ। 

ਬਲਬੰਤ ਸਿੰਘ ਖੇੜਾ ਨੇ ਗੱਲ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਾਫੀ ਸਮੇਂ ਤੋਂ ਕਾਨੂੰਨ ਸੰਵਿਧਾਨ ਖਾਸ ਕਰਕੇ ਸਿੱਖਾਂ ਨਾਲ ਧੋਖਾ ਕਰਦਾ ਆਇਆ ਹੈ। 10 ਸਾਲ ਪਹਿਲਾਂ ਧੋਖਾਧੜੀ ਅਤੇ ਫੌਜਦਾਰੀ ਦਾ ਕੇਸ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲੰਮੇਂ ਸਮੇਂ ਤੋਂ ਇਹ ਕੇਸ ਲੜ ਰਹੇ ਹਨ। ਸਾਨੂੰ ਆਸ ਹੈ ਕਿ ਜਲਦ ਹੀ ਇਹ ਫੈਸਲਾ ਸਾਡੇ ਹੱਕ 'ਚ ਹੋ ਜਾਵੇਗਾ।

ਖੇੜਾ ਦਾ ਦੋਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੋਹਰੇ ਮਾਪਦੰਡ ਆਪਣਾ ਰੱਖੇ ਹਨ, ਜੋ ਸੰਵਿਧਾਨ ਦੇ ਉਲਟ ਹਨ। ਸ਼੍ਰੋਮਣੀ ਅਕਾਲੀ ਦਲ ਜਾਂ ਤਾਂ ਧਾਰਮਿਕ ਪਾਰਟੀ ਰਹੇ ਜਾਂ ਫਿਰ ਸਿਆਸੀ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਲੜਦੇ ਹਨ। ਸਿਆਸਤ 'ਚ ਧਰਮ ਦੇ ਨਾਂ 'ਤੇ ਵੋਟ ਵੀ ਮੰਗਦੇ ਹਨ। ਦੋਹਰੇ ਮਾਪਦੰਡ ਅਪਣਾਉਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ। ਇਹ ਹੀ ਨਹੀਂ ਖੇੜਾ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਸੰਵਿਧਾਨ 'ਚ ਛੇੜਛਾੜ ਕਰਕੇ ਸ਼੍ਰੋਮਣੀ ਅਕਾਲੀ ਦੀ ਮਾਨਤਾ ਲਈ ਗਈ ਹੈ। 

shivani attri

This news is Content Editor shivani attri