ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦੇ ਮਾਮਲੇ ''ਤੇ ਫੈਸਲਾ 19 ਨੂੰ

10/10/2019 12:39:03 PM

ਹੁਸ਼ਿਆਰਪੁਰ  (ਅਮਰਿੰਦਰ)— ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਦੀ ਮੰਗ 'ਤੇ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਮੋਨਿਕਾ ਸ਼ਰਮਾ ਦੀ ਅਦਾਲਤ 'ਚ ਸੁਣਵਾਈ ਹੋਈ। ਦੋਹਾਂ ਪੱਖਾਂ ਵੱਲੋਂ ਬਹਿਸ ਦੇ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਖ 19 ਅਕਤੂਬਰ ਤਹਿ ਕੀਤੀ ਹੈ। ਧਿਆਨ ਯੋਗ ਰਹੇ ਕਿ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਨੂੰ ਖਤਮ ਕਰਨ ਸਬੰਧੀ ਮੰਗ ਅਦਾਲਤ ਦੇ ਸਾਹਮਣੇ 20 ਫਰਵਰੀ 2009 ਨੂੰ ਕੀਤੀ ਸੀ। ਇਸ ਮੰਗ 'ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਰਣਜੀਤ ਸਿੰਘ ਬਰਹਮਪੁਰਾ, ਕਿਰਪਾਲ ਸਿੰਘ ਬਡੂੰਗਰ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸ਼ਿੰਦਾ ਦੇ ਖਿਲਾਫ ਕਈ ਗੰਭੀਰ ਇਲਜ਼ਾਮ ਲਾਏ ਹਨ। 

ਖੇੜਾ ਦਾ ਦੋਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੋਹਰੇ ਮਾਪਦੰਡ ਆਪਣਾ ਰੱਖੇ ਹਨ, ਜੋ ਸੰਵਿਧਾਨ ਦੇ ਉਲਟ ਹਨ। ਸ਼੍ਰੋਮਣੀ ਅਕਾਲੀ ਦਲ ਜਾਂ ਤਾਂ ਧਾਰਮਿਕ ਪਾਰਟੀ ਰਹੇ ਜਾਂ ਫਿਰ ਸਿਆਸੀ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਲੜਦੇ ਹਨ। ਸਿਆਸਤ 'ਚ ਧਰਮ ਦੇ ਨਾਂ 'ਤੇ ਵੋਟ ਵੀ ਮੰਗਦੇ ਹਨ। ਦੋਹਰੇ ਮਾਪਦੰਡ ਅਪਣਾਉਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ। ਇਹ ਹੀ ਨਹੀਂ ਖੇੜਾ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਸੰਵਿਧਾਨ 'ਚ ਛੇੜਛਾੜ ਕਰਕੇ ਸ਼੍ਰੋਮਣੀ ਅਕਾਲੀ ਦੀ ਮਾਨਤਾ ਲਈ ਗਈ ਹੈ। ਇਸੇ ਕਰਕੇ ਮੁਲਜ਼ਮਾਂ 'ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ। ਇਹ ਦੋਸ਼ ਵੀ ਲਗਾਏ ਸਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਦਾਲਤ 'ਚ ਜੋ ਕਾਗਜ਼ਾਤ ਪੇਸ਼ ਕੀਤੇ ਹਨ, ਉਨ੍ਹਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਖੇੜਾ ਨੇ ਦਿੱਲੀ ਹਾਈਕੋਰਟ 'ਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਲਈ ਕੇਸ ਦਾਇਰ ਕਰ ਰੱਖਿਆ ਹੈ। 

shivani attri

This news is Content Editor shivani attri