ਖਹਿਰਾ ਮਾਮਲੇ ''ਤੇ ਸੁਖਬੀਰ ਬਾਦਲ ਦਾ ਕੇਜਰੀਵਾਲ ਨੂੰ ਸਵਾਲ...

11/17/2017 3:57:59 PM

ਪਟਿਆਲਾ (ਇੰਦਰਜੀਤ ਬਕਸ਼ੀ) — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਖਪਾਲ ਖਹਿਰਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਹਾਈ ਕੋਰਟ ਨੇ ਵੀ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਡਰੱਗ ਰੈਕਟ ਨੂੰ ਲੈ ਕੇ ਜੋ ਹਮੇਸ਼ਾ ਹੀ ਅਕਾਲੀ ਦਲ ਨੂੰ ਡਰੱਗ ਦੇ ਮੁੱਦੇ 'ਤੇ ਘੇਰਦਾ ਸੀ, ਅੱਜ ਉਸ 'ਤੇ ਇਲਜ਼ਾਮ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਕੋਰਟ ਨੇ ਤਾਂ ਖਹਿਰਾ ਨੂੰ ਡਰੱਗ ਕੇਸ ਦਾ ਸਰਗਨਾ ਤਕ ਕਹਿ ਦਿੱਤਾ। ਸੁਖਬੀਰ ਨੇ ਇਸ ਮਾਮਲੇ 'ਚ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਖਹਿਰਾ ਨੂੰ ਪਾਰਟੀ 'ਚੋਂ ਕਿਉਂ ਨਹੀਂ ਕੱਢ ਰਹੇ, ਕੀ ਅਜੇ ਵੀ ਉਨ੍ਹਾਂ ਨੂੰ ਕੋਈ ਹੋਰ ਸਬੂਤ ਚਾਹੀਦਾ ਹੈ?
ਇਸ ਦੇ ਨਾਲ ਹੀ ਨਵਜੋਤ ਸਿੱਧੂ 'ਤੇ ਬੋਲਦਿਆਂ ਕਿਹਾ ਕਿ ਸਿੱਧੂ ਆਮ ਆਦਮੀ ਪਾਰਟੀ ਤੇ ਬੈਂਸ ਭਰਾਵਾਂ ਨਾਲ ਮਿਲਿਆ ਹੋਇਆ ਹੈ। ਉਹ ਕਾਂਗਰਸ ਪਾਰਟੀ 'ਚ ਕੁਝ ਸਮੇਂ ਲਈ ਗਿਆ ਹੈ, ਕੁਝ ਸਮੇਂ ਬਾਅਦ ਉਸ ਨੇ ਉਥੇ ਹੀ ਜਾਣਾ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜ ਸਾਲ ਦੀ ਬਜਾਇ 10 ਸਾਲ ਦੀ ਪਾਰੀ ਖੇਡਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਫਿਕਰ ਨਾ ਕਰੋ ਇਹ ਆਪਣੇ ਪੰਜ ਸਾਲ ਹੀ ਪੂਰੇ ਕਰ ਲੈਣ ਇਹ ਹੀ ਬਹੁਤ ਹੈ। 
ਮੈਂਬਰ ਪਾਰਲੀਮੇਂਟ ਦੀ ਮੁੱਖ ਮੰਤਰੀ ਦੀ ਮੀਟਿੰਗ ਕੈਂਸਲ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਜੋ ਮੀਟਿੰਗ ਮੁੱਖ ਮੰਤਰੀ ਦੇ ਨਾਲ ਹੋਵੇ ਤੇ ਮੁੱਖ ਮੰਤਰੀ ਹੀ ਉਥੇ ਮੌਜੂਦ ਨਾ ਹੋਣ ਤਾਂ ਸਾਡੇ ਐੱਮ. ਪੀ. ਅਜਿਹੀ ਮੀਟਿੰਗ 'ਚ ਜਾ ਕੇ ਕੀ ਕਰਨਗੇ। ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਬੈਂਸ ਭਰਾਵਾਂ ਵਲੋਂ ਹਾਈ ਕੋਰਟ ਜਾਣ ਨੂੰ ਲੈ ਕੇ ਸੁਖਬੀਰ ਨੇ ਕਿਹਾ ਕਿ ਬੈਂਸ ਭਰਾ, ਨਵਜੋਤ ਸਿੱਧੂ ਦੇ ਨਾਲ ਮਿਲੇ ਹੋਏ ਹਨ, ਉਹ ਸਿੱਧੂ ਤੋਂ ਬਿਨ੍ਹਾਂ ਪੁੱਛੇ ਕੋਈ ਕਦਮ ਨਹੀਂ ਚੁੱਕਣਗੇ।