ਕਰਜ਼ਾ ਮੁਆਫੀ ਦੀ ਜ਼ਿੰਮੇਵਾਰੀ ਕੇਂਦਰ ''ਤੇ ਨਾ ਸੁੱਟੇ ਕਾਂਗਰਸ : ਸੁਖਬੀਰ ਬਾਦਲ

08/08/2017 4:07:58 PM

ਬਾਬਾ ਬਕਾਲਾ (ਅਠੌਲਾ,  ਰਾਕੇਸ਼, ਦਿਨੇਸ਼, ਹਰਜੀਤਪ੍ਰੀਤ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਹੁਣ ਕਾਂਗਰਸ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕਰੇਗੀ ਪਰ ਕਾਂਗਰਸ ਸਰਕਾਰ ਨੂੰ ਇਹ ਜ਼ਿੰਮੇਵਾਰੀ ਕੇਂਦਰ ਉੱਤੇ ਨਹੀਂ ਸੁੱਟਣੀ ਚਾਹੀਦੀ, ਇਸ ਦੀ ਥਾਂ ਪੰਜਾਬੀਆਂ ਨੂੰ ਧੋਖਾ ਦੇਣ ਲਈ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ।
ਇਥੇ ਰੱਖੜ ਪੁੰਨਿਆ ਮੌਕੇ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ  ਸਰਕਾਰ ਨੂੰ ਆਪਣੀ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ 'ਚ ਨਾਕਾਮੀ ਦਾ ਦੋਸ਼ ਕੇਂਦਰ ਸਰਕਾਰ ਉਤੇ ਮੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰਦਿਆਂ ਲੱਖਾਂ ਕਿਸਾਨਾਂ ਤੋਂ ਕਰਜ਼ਾ ਮੁਆਫੀ ਦੇ ਫਾਰਮ ਭਰਵਾਏ ਸਨ ਪਰ ਇਸ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਕੰਮ ਵਾਸਤੇ ਬਜਟ ਵਿਚ ਸਿਰਫ 1500 ਕਰੋੜ ਰੁਪਏ ਰੱਖੇ ਹਨ। ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਉਹ ਇਸ ਮਾਮੂਲੀ ਰਾਸ਼ੀ ਨੂੰ ਵੀ ਜਾਰੀ ਨਹੀਂ ਕਰ ਸਕਦੀ। ਮੈਂ ਮਨਪ੍ਰੀਤ ਬਾਦਲ ਨੂੰ ਸਿਰਫ ਇਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਉਸ ਨੇ ਕਿਸਾਨਾਂ ਨਾਲ ਅਜਿਹਾ ਧੋਖਾ ਕਿਉਂ ਕੀਤਾ ਹੈ? ਉਹ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਪਹਿਲਾਂ ਵੀ ਚਾਰ ਸਾਲ ਵਿੱਤ ਮੰਤਰੀ ਰਿਹਾ ਸੀ। ਉਹ ਪੰਜਾਬ ਦੀ ਵਿੱਤੀ ਹਾਲਤ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਇਹ ਗੱਲ ਵੀ ਜਾਣਦਾ ਸੀ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾ ਸਕਣਗੇ ਜਾਂ ਨਹੀਂ। ਉਸ ਦੇ ਝੂਠੇ ਵਾਅਦੇ ਕਰਕੇ ਪਿਛਲੇ 150 ਦਿਨਾਂ ਵਿਚ 200 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ।
ਸਰਦਾਰ ਬਾਦਲ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਨੇ ਸਿਰਫ ਇਕੋ ਕੰਮ ਕੀਤਾ ਹੈ, ਉਹ ਹੈ ਅਕਾਲੀ ਵਰਕਰਾਂ ਖਿਲਾਫ ਝੂਠੇ ਪਰਚੇ ਦਰਜ ਕਰਨਾ ਅਤੇ ਗਰੀਬਾਂ ਤੇ ਦਲਿਤਾਂ ਉੱਤੇ ਅੱਤਿਆਚਾਰ ਕਰਨਾ । ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੀ ਜਬਰ ਵਿਰੋਧੀ ਲਹਿਰ ਦੌਰਾਨ 5 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰ ਚੁੱਕਾ ਹਾਂ, ਜਿਸ ਦੌਰਾਨ ਪਤਾ ਲੱਗਾ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਹੈ। ਨਿੱਕੀ ਉਮਰ ਦੇ ਮੁੰਡਿਆਂ ਤੇ ਔਰਤਾਂ ਨੂੰ ਵੀ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ।
ਇਥੋਂ ਤਕ ਕਿ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਸਮਰਥਕਾਂ ਨੇ ਇਕ ਫੌਜੀ ਜਵਾਨ ਦੀ ਜ਼ਮੀਨ ਉਤੇ ਵੀ ਕਬਜ਼ਾ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨ੍ਹਾਂ ਝੂਠੇ ਕੇਸਾਂ ਤੋਂ ਨਹੀਂ ਡਰੇਗਾ, ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਸਾਹਮਣਾ ਬਹਾਦਰੀ ਨਾਲ ਕਰਨ ਲਈ ਆਖਿਆ । ਅਕਾਲੀ ਦਲ ਇਨ੍ਹਾਂ ਪਰਚਿਆਂ ਦੇ ਵਿਰੁੱਧ ਥਾਣਿਆਂ ਦਾ ਘਿਰਾਓ ਕਰੇਗਾ । ਉਨ੍ਹਾਂ ਕਿਹਾ ਕਿ ਜੇ ਕੋਈ ਪੁਲਸ ਅਫਸਰ ਕਾਂਗਰਸੀ ਆਗੂਆਂ ਦੀ ਸ਼ਹਿ ਉਤੇ ਕਿੜ੍ਹਾਂ ਕੱਢਦਾ ਮਿਲਿਆ ਤਾਂ ਅਸੀਂ ਉਸ ਵਿਰੁੱਧ ਮੁਕੱਦਮਾ ਕਰਾਂਗੇ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਹਕੂਮਤ ਅਧੀਨ ਬੇਅਦਬੀ ਦੇ ਕੇਸਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਬੱਸਾਂ ਭੇਜ ਕੇ ਅਤੇ ਗਾਇਕ ਮਨਪ੍ਰੀਤ ਸੰਧੂ ਦੀ ਸੇਵਾ ਲੈ ਕੇ ਵੀ ਲੋਕਾਂ ਨੂੰ ਆਪਣੀ ਰੈਲੀ ਵੱਲ ਨਹੀਂ ਖਿੱਚ ਸਕੀ। ਉਨ੍ਹਾਂ ਕਿਹਾ ਕਿ ਸਠਿਆਲਾ ਕਾਲਜ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਹੈਲੀਪੈਡ ਬਣਾ ਕੇ ਡਰਾਮਾ ਰਚਿਆ ਗਿਆ ਸੀ ਪਰ ਉਹ ਵਾਅਦਾ ਕਰਕੇ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਆਪ ਦੀ ਰੈਲੀ ਵਿਚਲੇ ਇਕੱਠ ਬਾਰੇ ਜਿੰਨਾ ਘੱਟ ਕਿਹਾ ਜਾਵੇ, ਓਨਾ ਹੀ ਠੀਕ ਹੈ। 'ਆਪ' ਤਾਂ ਕਾਨਫਰੰਸ ਦੀ ਝਾਕੀ ਤਕ ਨਹੀਂ ਦਿਖਾ ਸਕੀ।
ਸਰਦਾਰ ਮਜੀਠੀਆ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸਿੱਧੂ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਉਸੇ ਤਰ੍ਹਾਂ ਧੋਖਾ ਦੇਣ ਲਈ ਤਿਆਰ ਹੈ, ਜਿਸ ਤਰ੍ਹਾਂ ਉਸ ਨੇ ਆਪਣੇ ਉਸਤਾਦਾਂ ਅਰੁਣ ਜੇਤਲੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਸੀ। ਉਹ ਵਿਧਾਇਕਾਂ ਨੂੰ ਇਕੱਠੇ ਕਰਕੇ ਬਗਾਵਤ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕਿਆ ਹੈ ਪਰ ਨਾਕਾਮ ਹੋ ਗਿਆ ਸੀ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਦੀ ਦੁਰਵਰਤੋਂ ਕਰ ਰਿਹਾ ਹੈ।