ਸਿੰਕਦਰ ਸਿੰਘ ਮਲੂਕਾ ਨੇ ਸੁਖਪਾਲ ਖਹਿਰਾ ਨੂੰ ਲਿਆ ਕਰੜੇ ਹੱਥੀ, ਕਿਹਾ- ''ਅੱਧ ਕਮਲਾ ਹੋ ਗਿਐ ਖਹਿਰਾ''

12/15/2017 3:25:42 PM

ਤਲਵੰਡੀ ਸਾਬੋ (ਮੁਨੀਸ਼) — ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਜ਼ਿਲਾ ਬਠਿੰਡਾ ਦੇ ਪ੍ਰਧਾਨ ਸਿੰਕਦਰ ਸਿੰਘ ਮਲੂਕਾ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਪਾਗਲ ਆਦਮੀ ਕਰਾਰ ਦਿੱਤਾ ਹੈ। ਅਕਾਲੀ ਦਲ ਵਲੋਂ ਮਲੂਕਾ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਮਲੂਕਾ ਸਮੱਰਥਕਾ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ। ਜਿੰਨਾ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਸੰਬੰਧੀ ਪੁੱਛੇ ਇਕ ਸਵਾਲ ਤੇ ਕਿਹਾ ਕਿ ਜਦੋਂ ਤੋਂ ਸੁਖਪਾਲ ਖਹਿਰਾ ਖਿਲਾਫ ਨਸ਼ੇ ਦਾ ਕੇਸ ਚਲਣਾ ਸ਼ੁਰੂ ਹੋਇਆ ਹੈ, ਉਦੋਂ ਤੋਂ ਅੱਧ ਕਮਲਾ ਹੋ ਗਿਆ ਹੈ, ਜਿਸ ਕਾਰਨ ਉਹ ਕਦੇ ਝੂਠ ਬੋਲਦਾ ਹੈ ਤੇ ਕਦੇ ਗਲਤ ਬੋਲ ਜਾਂਦਾ ਹੈ।
ਸ਼ੋਮਣੀ ਅਕਾਲੀ ਦਲ ਵਲੋਂ ਕਿਸਾਨ ਵਿੰਗ ਦੇ ਨਵ-ਨਿਯੁਕਤ ਪ੍ਰਧਾਨ ਮਲੂਕਾ ਨੇ ਪੰਜਾਬ ਦੇ ਕਿਸਾਨਾਂ ਦੀ ਤਰਸਯੋਗ ਹਾਲਤ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਸਾਨਾਂ ਦੀਆਂ ਮੁਸ਼ਕਲਾਂ ਲਈ ਆਵਾਜ਼ ਉਠਾਉਣ ਦੀ ਗੱਲ ਕੀਤੀ, ਨਾਲ ਹੀ ਉਨ੍ਹਾਂ ਕਿਸਾਨਾਂ ਲਈ ਸੰਘਰਸ਼ ਦੇ ਨਾਲ-ਨਾਲ ਕਿਸਾਨਾਂ ਲਈ ਖੇਤੀਬਾੜੀ ਲਾਹੇਵੰਦ ਧੰਦਾ ਬਨਾਉਣ ਲਈ ਸੈਮੀਨਾਰ ਕਰਵਾਉਣ ਦੀ ਗੱਲ ਵੀ ਕੀਤੀ। 
17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਚੋਣਾਂ ਤੇ ਮਲੂਕਾ ਨੇ ਕਿਹਾ ਕਿ ਜੇ ਕਰ ਸਰਕਾਰ ਨੇ ਧੱਕਾ ਨਾ ਕੀਤਾ ਤਾਂ ਅਕਾਲੀ-ਭਾਜਪਾ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗੀ, ਕਿਉਂਕਿ ਆਮ ਆਦਮੀ ਪਾਰਟੀ ਤਾਂ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਨਾਮਜ਼ਦਗੀਆਂ ਸਮੇਂ ਵੀ ਧੱਕੇਸ਼ਾਹੀ ਕੀਤੀ ਤੇ ਹੁਣ ਵੋਟਾਂ ਸਮੇਂ ਵੀ ਕਰੇਗੀ।
ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਜ਼ਮੀਨ 'ਤੇ ਨਿਸ਼ਾਨਦੇਹੀ ਦੀ ਫੀਸ ਲਗਾਉਣ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਰਕਾਰ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਇਸ ਖਿਲਾਫ ਸੰਘਰਸ਼ ਕਰਨ ਦੇ ਸੰਕੇਤ ਵੀ ਦਿੱਤੇ।