ਸ਼੍ਰੋਮਣੀ ਅਕਾਲੀ ਦਲ (ਡ) ਵਲੋਂ ਬਾਦਲ ਮੁਕਤ ਅਕਾਲੀ ਦਲ ਬਣਾਉਣ ਦਾ ਐਲਾਨ

03/13/2021 4:18:52 PM

ਮੋਗਾ (ਗੋਪੀ ਰਾਊਕੇ)- ਪੰਜਾਬ ’ਚ ਤੀਜਾ ਫਰੰਟ ਉਸਾਰਨ ਲਈ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੇ ਪੰਜਾਬ ਤੇ ਪੰਜਾਬੀਅਤ ਦੇ ਭਲੇ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਪੰਥਕ ਰਹੁ-ਰੀਤਾਂ ਮੁੜ ਕਾਇਮ ਕਰਨ ਲਈ ਇਕਜੁੱਟਤਾ ਨਾਲ ਜਲਦੀ ਬਾਦਲ ਮੁਕਤ ਅਕਾਲੀ ਦਲ ਬਨਾਉਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਡੈਮੋਕ੍ਰੇਟ੍ਰਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੋ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੀ ਨਿੱਜੀ ਜ਼ਾਇਦਾਦ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ, ਉਸ ਵਿਚ ਸਾਨੂੰ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦੀ ਲੋੜ ਹੈ। ਅੱਜ ਇਥੇ ਜ਼ਿਲ੍ਹਾ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਰਾਜ ਸਿੰਘ ਦੌਧਰ ਦੇ ਰੱਖੇ ਤਾਜਪੋਸ਼ੀ ਸਮਾਗਮ ਦੌਰਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਬੁਲਾਰੇ ਨਿੱਧੜਕ ਸਿੰਘ ਬਰਾੜ ਨੇ ਆਪਣੀ ਤਕਰੀਰ ਰਾਹੀਂ ਬਾਦਲ ਪਰਿਵਾਰ ਤਿੱਖੇ ਸ਼ਬਦੀ ਹਮਲੇ ਕੀਤੇ।

ਇਹ ਵੀ ਪੜ੍ਹੋ : ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਕੈਪਟਨ-ਸਿੱਧੂ ਨੂੰ ਵੀ ਮਿਲੀ ਥਾਂ

ਜ਼ਿਕਰਯੋਗ ਹੈ ਕਿ ਸਮਾਗਮ ਵਿਚ ਹੋਏ ਵੱਡੇ ਇਕੱਠ ਕਰਕੇ ਤਾਜ਼ਪੋਸੀ ਸਮਾਗਮ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਬਰਾੜ ਨੇ ਕਿਹਾ ਕਿ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਸੀ ਪਰ ਬਾਦਲ ਪਰਿਵਾਰ ਨੇ ਇਸ ਨੂੰ ਆਪਣੀ ਨਿੱਜੀ ਜਾਇਦਾਦ ਬਣਾਇਆ ਹੈ, ਜਿਸ ਕਾਰਣ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਇਹੋ ਕਾਰਣ ਹੈ ਕਿ ਅੱਜ ਲੋਕ ਬਾਦਲ ਦਲ ਤੋਂ ਦੂਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਮਝਦਾਰ ਪੰਥ ਦਰਦੀ ਅਕਾਲੀ ਦਲ ਨੂੰ ਬਚਾਉਣ ਲਈ ਸੁਖਦੇਵ ਸਿੰਘ ਢੀਂਡਸਾ ਦੇ ਕਾਫਲੇ ਨਾਲ ਕਮਰਕੱਸਾ ਕਰ ਕੇ ਤੁਰ ਪਿਆ ਹੈ ਤੇ ਜਿਸ ਨੂੰ ਲੋਕਾਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵੱਡੀਆਂ ਸਿਆਸੀ ਤੋਪਾਂ ਵੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਿਚ ਸ਼ਾਮਲ ਹੋਣਗੀਆਂ। ਜ਼ਿਲ੍ਹਾ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਰਾਜ ਸਿੰਘ ਦੌਧਰ ਨੇ ਕਿਹਾ ਕਿ ਭਾਵੇਂ ਮੀਟਿੰਗ ਕਾਹਲੀ ਨਾਲ ਸੱਦੀ ਗਈ ਹੈ ਪਰ ਪੰਥਕ ਜਜ਼ਬੇ ਵਾਲੇ ਵਰਕਰਾਂ ਅਤੇ ਜਥੇਦਾਰਾਂ ਦੇ ਇਕੱਠ ਜੋ ਸਾਨੂੰ ਆਸ਼ੀਰਵਾਦ ਦਿੱਤਾ ਹੈ, ਇਸ ਲਈ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ’ਚੋਂ ਸਵਾਗਤ ਕਰਦਾ ਹਾਂ।

Gurminder Singh

This news is Content Editor Gurminder Singh