ਕੇਜਰੀਵਾਲ ਦੇ ਕਹਿਣ ’ਤੇ ਭਗਵੰਤ ਮਾਨ ਨੇ ਚੰਡੀਗੜ੍ਹ ਬਾਰੇ ਪੰਜਾਬ ਦੇ ਹੱਕ ਵੇਚੇ : ਅਕਾਲੀ ਦਲ

07/11/2022 5:49:21 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਤੇ ਇਸਦਾ ਹੱਕ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਛੱਡ ਦਿੱਤਾ ਹੈ ਤਾਂ ਜੋ ਹਰਿਆਣਾ ਵਿਚ ਸੌੜੇ ਸਿਆਸੀ ਲਾਹੇ ਲਏ ਜਾ ਸਕਣ। ਇਥੇ ਜਾਰੀ ਇਕ ਬਿਆਨ ਵਿਚ ਸਾਬਕਾ ਮੰਤਰੀ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਸਿਰਫ ਰਬੜ ਦੀ ਮੋਹਰ ਵਾਂਗ ਕੰਮ ਕੀਤਾ ਤੇ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਨਵੀਂ ਵਿਧਾਨ ਸਭਾ ਤੇ ਹਾਈ ਕੋਰਟ ਲਈ ਥਾਂ ਮੰਗ ਕੇ ਖੋਰਾ ਲਾਇਆ ਜਦੋਂ ਕਿ ਇਹ ਦੋਵੇਂ ਸੰਸਥਾਵਾਂ ਪਹਿਲਾਂ ਤੋਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਉਸਦੀ ਪਹਿਰੇਦਾਰੀ ਕਰਨ ਵਿਚ ਨਾਕਾਮ ਰਹੇ ਹਨ ਜਿਸਦੀ ਪਹਿਰੇਦਾਰੀ ਔਖੀ ਹੈ ਤੇ ਇਸੇ ਕਾਰਨ ਉਹ ਇਹ ਜਵਾਬ ਨਹੀਂ ਦੇ ਸਕੇ ਕਿ ਉਨ੍ਹਾਂ ਨੇ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਹਰਿਆਣਾ ਅੱਗੇ ਸਰੰਡਰ ਕਿਉਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਕੁਦਰਤੀ ਹੈ ਕਿ ਭਗਵੰਤ ਮਾਨ ਚੰਡੀਗੜ੍ਹ ਨੂੰ ਸਰੰਡਰ ਕਰਨ ਦੀ ਅਰਵਿੰਦ ਕੇਜਰੀਵਾਲ ਦੀ ਯੋਜਨਾ ਦਾ ਧਿਰ ਬਣਿਆ ਹੈ ਤਾਂ ਜੋ ਆਪ ਨੂੰ ਹਰਿਆਣਾ ਵਿਚ ਸਿਆਸੀ ਲਾਹ ਮਿਲ ਸਕੇ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਪੰਜਾਬ ਦੇ ਦਰਿਆਈ ਪਾਣੀ ਸਤਲੁਜ ਯਮੁਨਾ ਲਿੰਕ ਨਹਿਰ ਰਾਹੀਂ ਦੇਣ ਦਾ ਰਾਹ ਰਾਘਵ ਚੱਢਾ ਦੀ ਸਲਾਹਕਾਰ ਬੋਰਡ ਦੇ ਮੁਖੀ ਵਜੋਂ ਨਿਯੁਕਤੀ ਨਾਲ ਪੱਧਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਪੰਜਾਬ ਦਾ ਅਸਿੱਧੇ ਤੌਰ ’ਤੇ ਮੁੱਖ ਮੰਤਰੀ ਲਗਾ ਦਿੱਤਾ ਗਿਆ ਹੈ ਜੋ ਹੁਣ ਉਹ ਸਾਰੇ ਫੈਸਲੇ ਲੈ ਸਕੇਗਾ ਜੋ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਸਲਾਹਕਾਰ ਬੋਰਡ ਬਣਾਉਣ ਦੀ ਨਿਯੁਕਤੀ ਕਰਦਾ ਹੈ ਜਿਸ ਕਾਰਨ ਮੁੱਖ ਮੰਤਰੀ ਦਾ ਅਹੁਦਾ ਸਿਰਫ ਰਬੜ ਦੀ ਮੋਹਰ ਬਣ ਜਾਵੇਗਾ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਘਟਨਾਕ੍ਰਮ ਉਸੇ ਤਰੀਕੇ ਵਾਪਰ ਰਿਹਾ ਹੈ ਜਿਵੇਂ ਅਕਾਲੀ ਦਲ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਸ਼ਕਤੀਵਿਹੂਣਾ ਕਰ ਦਿੱਤਾ ਗਿਆ ਹੈ ਤੇ ਸਾਰੀਆਂ ਤਾਕਤਾਂ ਹੁਣ ਕੇਜਰੀਵਾਲ ਦੇ ਹੱਥ ਵਿਚ ਕੇਂਦਰਿਤ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀ ਵੀ ਖਤਰੇ ਵਿਚ ਆ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀ ਐੱਸ. ਵਾਈ. ਐੱਲ. ਦੇ ਮਾਮਲੇ ’ਤੇ ਕੇਜਰੀਵਾਲ ਦੇ ਸਟੈਂਡ ਤੋਂ ਵਾਕਫ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਵੇਚਣ ਤੋਂ ਬਾਅਦ ਅਸੀਂ ਵੇਖਾਂਗੇ ਕਿ ਕਿਵੇਂ ਐੱਸ. ਵਾਈ. ਐੱਲ ਮੁੱਦਾ ਵੇਚਿਆ ਜਾਵੇਗਾ।

Gurminder Singh

This news is Content Editor Gurminder Singh