ਸ਼ੇਰਪੁਰ ਇਲਾਕੇ ਦਾ ਕੋਰੋਨਾ ਪੀੜਤ ਮਰੀਜ਼ ਘਰੋਂ ਫਰਾਰ

06/17/2020 10:02:32 AM

ਲੁਧਿਆਣਾ (ਮੁਕੇਸ਼) : ਸ਼ੇਰਪੁਰ ਰਣਜੀਤ ਨਗਰ ਇਲਾਕੇ ਦਾ ਕੋਰੋਨਾ ਪੀੜਤ ਮਰੀਜ਼ ਘਰ ਤੋਂ ਫਰਾਰ ਹੋ ਗਿਆ। ਮਰੀਜ਼ ਦੇ ਫਰਾਰ ਹੋਣ ਨੂੰ ਲੈ ਕੇ ਇਲਾਕੇ ਦੇ ਲੋਕਾਂ ’ਚ ਮਹਿਕਮੇ ਦੀ ਅਣਗਹਿਲੀ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਵਿਨੋਦ ਕੁਮਾਰ, ਕਾਂਤੀ ਤਿਵਾੜੀ, ਰਾਜੂ, ਸ਼ਾਮ, ਰੀਟਾ ਦੇਵੀ, ਸੁਧੀਰ ਕੁਮਾਰ ਨੇ ਕਿਹਾ ਕਿ ਸ਼ੇਰਪੁਰ ਰਣਜੀਤ ਨਗਰ ਵਿਖੇ ਟਾਲ ਸਿੰਘ ਦੇ ਵਿਹੜੇ ’ਚ ਰਾਮ ਬਿਲਾਸ ਨਾਮ ਦਾ ਵਿਅਕਤੀ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ। ਸਿਵਲ ਹਸਪਤਾਲ ਵਿਖੇ ਉਸ ਦੀ ਜਾਂਚ ਕਰਵਾਈ ਗਈ। ਮੈਡੀਕਲ ਰਿਪੋਰਟ ਆਉਣ ’ਤੇ ਪਤਾ ਲੱਗਾ ਕਿ ਰਾਮ ਬਿਲਾਸ ਕੋਰੋਨਾ ਤੋਂ ਪੀੜਤ ਹੈ। ਜਿਉਂ ਹੀ ਰਾਮ ਬਿਲਾਸ ਨੂੰ ਉਸ ਦੇ ਕੋਰੋਨਾ ਪੀੜਤ ਹੋਣ ਦਾ ਪਤਾ ਲੱਗਾ ਤਾਂ ਉਹ ਘਰੋਂ ਫਰਾਰ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਪੀੜਤ ਰਾਮ ਪਤਾ ਨਹੀਂ ਵਿਹੜੇ ’ਚ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਬਾਹਰ ਦੁਕਾਨਦਾਰਾਂ ਜਾਂ ਜਿੱਥੇ ਕੰਮ ਕਰਦਾ ਸੀ, ਕਿਸ-ਕਿਸ ਨੂੰ ਮਿਲਿਆ ਹੈ। ਰਾਮ ਬਿਲਾਸ ਪਿੱਛੋਂ ਬਿਹਾਰ ਦੇ ਬਕਸਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਰੇਲਵੇ ਮੁਲਾਜ਼ਮਾਂ 'ਚ ਕੋਰੋਨਾ ਦੀ ਦਹਿਸ਼ਤ
ਕੋਰੋਨਾ ਪਾਜ਼ੇਟਿਵ ਫਿਰੋਜ਼ਪੁਰ 'ਚ ਤਾਇਨਾਤ ਸੀਨੀਅਰ ਡੀ. ਐੱਮ. ਈ. ਰਾਜ ਕੁਮਾਰ ਦੀ ਮੰਗਲਵਾਰ ਨੂੰ ਸੀ. ਐੱਮ. ਸੀ.ਹਸਪਤਾਲ 'ਚ ਇਲਾਜ ਦੌਰਾਨ ਮੌਤ ਤੋਂ ਬਾਅਦ ਰੇਲਵੇ ਸਟੇਸ਼ਨ ਮੁਲਾਜ਼ਮਾਂ ’ਚ ਦਹਿਸ਼ਤ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਉਹ ਕੋਰੋਨਾ ਮਹਾਮਾਰੀ ਦੌਰਾਨ ਲਗਾਤਾਰ ਡਿਊਟੀ ’ਤੇ ਸਨ। ਉਨ੍ਹਾਂ ਦੀ 10 ਜੂਨ ਨੂੰ ਸਿਹਤ ਖਰਾਬ ਹੋ ਗਈ ਤਾਂ ਫਿਰੋਜ਼ਪੁਰ ਰੇਲਵੇ ਹਸਪਤਾਲ 'ਚ ਉਨ੍ਹਾਂ ਦੀ ਜਾਂਚ ਦੌਰਾਨ ਕੋਰੋਨਾ ਦੇ ਕੁੱਝ ਲੱਛਣ ਪਾਏ ਗਏ, ਜਿਸ 'ਤੇ ਉਨ੍ਹਾਂ ਨੂੰ ਅਗਲੀ ਜਾਂਚ ਲਈ ਸੀ. ਐੱਮ. ਸੀ. ਲੁਧਿਆਣਾ 'ਚ ਰੈਫਰ ਕੀਤਾ ਗਿਆ। ਹਾਲਾਂਕਿ ਰੇਲਵੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਵੱਲੋਂ ਮੁਲਾਜ਼ਮਾਂ ਲਈ ਹਰ ਪਾਸਿਓਂ ਪ੍ਰਬੰਧ ਕੀਤੇ ਗਏ ਹਨ।
 

Babita

This news is Content Editor Babita