ਭਕਨਾ ਕਲਾਂ 'ਚ ਸ਼ਰੇਆਮ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

11/03/2017 8:05:04 PM

ਚੀਚਾ/ ਭਕਨਾ ਕਲਾਂ/ ਝਬਾਲ (ਬਖਤਾਵਰ/ ਹਰਬੰਸ ਲਾਲੂਘੁੰਮਣ) - ਸ਼ੁੱਕਰਵਾਰ ਨੂੰ ਥਾਣਾ ਘਰਿੰਡਾਂ ਦੇ ਕਸਬਾ ਅੱਡਾ ਭਕਨਾਂ ਕਲਾਂ ਵਿਖੇ ਦਿਨ ਦਿਹਾੜੇ ਸ਼ਰੇਬਜ਼ਾਰ ਇਕ ਨੌਜਵਾਨ ਦੀ ਇਕ ਦੁਕਾਨਦਾਰ ਵੱਲੋਂ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਕਤ ਨੌਜਵਾਨ ਦੁਕਾਨਦਾਰ ਕੋਲੋਂ ਲੱਕੀ ਡਰਾਅ ਦੇ ਬਣਦੇ ਪੈਸੇ ਲੈਣ ਲਈ ਦੁਕਾਨ 'ਤੇ ਆਇਆ ਸੀ। 
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅਮਰਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਨੱਥੂਪੁਰਾ ਵਲੋਂ ਅੱਡਾ ਭਕਨਾ ਕਲਾਂ ਸਥਿਤ ਸੁਨਿਆਰੇ ਅਤੇ ਕਰਿਆਨੇ ਦੀ ਦੁਕਾਨ ਕਰਦੇ ਪਤਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਚਰਨ ਸਿੰਘ ਵਾਸੀ ਭਕਨਾ (ਹਾਲ ਵਾਸੀ ਖੰਡ ਵਾਲਾ, ਛੇਹਰਟਾ) ਕੋਲ ਲੱਕੀ ਡਰਾਅ (ਇਨਾਮੀ ਯੋਜਨਾ) ਤਹਿਤ ਕਮੇਟੀ ਪਾਈ ਹੋਈ ਸੀ। ਦੱਸਿਆ ਜਾਂਦਾ ਹੈ ਕਿ ਉਕਤ ਲੱਕੀ ਡਰਾਅ ਤਹਿਤ 1500 ਰੁਪਏ ਪ੍ਰਤੀ ਮਹੀਨਾ 18 ਮਹੀਨੇ ਲਗਾਤਾਰ ਸਾਰੀਆਂ ਕਿਸ਼ਤਾਂ ਦਾ ਕਿਸਾਨ ਵਲੋਂ ਭੁਗਤਾਨ ਕਰ ਦੇਣ ਦੇ ਬਾਅਦ ਵੀ ਉਸਨੂੰ ਕੋਈ ਇਨਾਮ ਨਹੀਂ ਦਿੱਤਾ ਗਿਆ ਸੀ। ਯੋਜਨਾਂ ਦੀ ਸ਼ਰਤ ਮੁਕਾਬਕ ਜਿਸ ਲਾਭਪਾਤਰੀ ਦਾ ਇਨਾਮ ਨਹੀਂ ਨਿਕਲੇਗਾ ਉਸਨੂੰ 50 ਹਜ਼ਾਰ ਰੁਪਏ ਦੇਣ ਦਾ ਦੁਕਾਨਦਾਰ ਵਲੋਂ ਵਾਅਦਾ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਪਿਛਲੇ ਕਰੀਬ 3 ਮਹੀਨਿਆਂ ਤੋਂ ਕਿਸਾਨ ਅਮਰਜੀਤ ਸਿੰਘ ਵੱਲੋਂ ਉਕਤ ਦੁਕਾਨਦਾਰ ਤੋਂ ਪੈਸੇ ਲੈਣ ਲਈ ਚੱਕਰ ਲਗਾਏ ਜਾ ਰਹੇ ਸਨ ਅਤੇ ਦੁਕਾਨਦਾਰ ਵੱਲੋਂ ਲਾਰੇ ਲੱਪੇ ਲਾ ਕੇ ਸਮਾਂ ਟਪਾਇਆ ਜਾ ਰਿਹਾ ਸੀ। ਸ਼ੁੱਕਰਵਾਰ ਨੂੰ 12:30 ਦੁਪਹਿਰ ਦੇ ਸਮੇਂ ਜਦੋਂ ਕਿਸਾਨ ਫਿਰ ਆਪਣੇ ਪੈਸੇ ਲੈਣ ਲਈ ਦੁਕਾਨਦਾਰ ਪਤਵਿੰਦਰ ਸਿੰਘ ਦੇ ਕੋਲ ਆਇਆ ਤਾਂ ਉਸ ਵੱਲੋਂ ਕਿਸਾਨ ਨੂੰ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਦੌਰਾਨ ਦੋਹਾਂ ਦਾ ਤਕਰਾਰ ਹੋ ਗਿਆ ਤੇ ਦੁਕਾਨਦਾਰ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਕਿਸਾਨ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਚੱਲੀਆਂ 3 ਗੋਲੀਆਂ ਚੋਂ ਇਕ ਗੋਲੀ ਕਿਸਾਨ ਅਮਰਜੀਤ ਸਿੰਘ ਦੇ ਮੱਥੇ 'ਚ ਲੱਗੀ ਤੇ ਅਮਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀਆਂ ਮਾਰ ਕੇ ਦੋਸ਼ੀ ਪਤਵਿੰਦਰ ਸਿੰਘ ਮੌਕੇ ਤੋਂ ਆਪਣੀ ਗੱਡੀ 'ਚ ਸਵਾਰ ਹੋ ਕੇ ਫਰਾਰ ਹੋ ਗਿਆ। ਘਟਨਾ ਸਥਾਨ 'ਤੇ ਪੁੱਜੇ ਡੀ. ਐੱਸ. ਪੀ. ਦਿਹਾਤੀ ਅਤੇ ਥਾਣਾ ਘਰਿੰਡਾ ਦੇ ਮੁੱਖੀ ਪਰਮਜੀਤ ਸਿੰਘ ਨੇ ਹਲਾਤਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਦੋਸ਼ੀ ਪਤਵਿੰਦਰ ਸਿੰਘ ਵਿਰੋਧ ਕਤਲ ਦਾ ਕੇਸ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਪੁਲਸ ਪਾਰਟੀਆਂ ਦੀਆਂ ਵੱਖ-ਵੱਖ ਟੀਮਾਂ ਰਵਾਨਾਂ ਕਰ ਦਿੱਤੀਆਂ ਗਈਆਂ ਹਨ।