ਅਕਾਲੀ ਦਲ ਦੀ ਬਰਬਾਦੀ ਲਈ ਸਿਰਫ ਸੁਖਬੀਰ ਜ਼ਿੰਮੇਵਾਰ : ਘੁਬਾਇਆ

01/12/2019 8:27:04 AM

ਫਿਰੋਜ਼ਪੁਰ, (ਕੁਮਾਰ)– ਮੌਜੂਦਾ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸ ਲਈ  ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਜ਼ਿੰਮੇਵਾਰ ਹਨ,  ਜਿਨ੍ਹਾਂ  ਦੀਆਂ ਗਲਤ ਅਤੇ ਤਾਨਾਸ਼ਾਹੀ ਨੀਤੀਆਂ  ਕਾਰਨ  ਇਸ   ਦਲ ਨੂੰ ਖਡ਼੍ਹਾ ਕਰ ਕੇ ਜੇਲ ਕੱਟਣ ਵਾਲੇ ਸੀਨੀਅਰ ਅਕਾਲੀ ਆਗੂਆਂ ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਨੂੰ ਮਜਬੂਰ ਹੋ ਕੇ  ਸ਼੍ਰੋਮਣੀ  ਅਕਾਲੀ ਦਲ  ਛੱਡਣਾ ਪਿਆ ਹੈ। 
ਇਹ ਦੋਸ਼ ਲਗਾਉਂਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸੁਖਬੀਰ  ਬਾਦਲ  ਦੀ ਅਗਵਾਈ ਹੇਠ ਉਹ ਸ਼੍ਰੋਮਣੀ  ਅਕਾਲੀ ਦਲ ਵੱਲੋਂ ਕਦੇ ਵੀ ਸੰਸਦੀ ਚੋਣ ਨਹੀਂ ਲਡ਼ਨਗੇ, ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਉਹ ਤਾਨਾਸ਼ਾਹੀ ਅੰਦਾਜ਼ ਅਤੇ ਗਲਤ ਨੀਤੀਆਂ ਦੇ ਕਾਰਨ ਬਿਲਕੁਲ ਪਸੰਦ ਨਹੀਂ ਕਰਦੇ। 

ਘੁਬਾਇਆ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹ ਫਿਰੋਜ਼ਪੁਰ ਸੰਸਦੀ ਹਲਕੇ ਤੋਂ 2019 ਵਿਚ ਚੋਣ ਜ਼ਰੂਰ ਲਡ਼ਨਗੇ ਪਰ ਕਿਸੇ ਪਾਰਟੀ ਵੱਲੋਂ ਲਡ਼ਨਗੇ ਜਾਂ ਅਾਜ਼ਾਦ? ਇਸ ਗੱਲ ਦਾ ਹਰ ਫੈਸਲਾ ਉਨ੍ਹਾਂ ਦੇ ਵਰਕਰ, ਹਲਕੇ ਦੇ ਲੋਕ ਕਰਨਗੇ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਉੱਤਰ ਵਿਚ ਕਿਹਾ ਕਿ ਉਨ੍ਹਾਂ ਦੀ ਹਰ ਪਸੰਦੀਦਾ ਸਿਆਸੀ ਆਗੂਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਟਕਸਾਲੀ ਅਕਾਲੀ ਆਗੂਆਂ ਨਾਲ ਵੀ ਵਿਚਾਰ ਹੁੰਦਾ ਰਹਿੰਦਾ ਹੈ ਪਰ ਸੰਸਦੀ ਚੋਣ   ਬਾਰੇ ਹੁਣ ਤੱਕ ਉਨ੍ਹਾਂ ਦਾ ਗਠਜੋਡ਼ ਸਬੰਧੀ ਕੋਈ ਅੰਤਿਮ ਫੈਸਲਾ ਨਹੀਂ  ਅਤੇ  ਉਨ੍ਹਾਂ ਲਈ ਸਾਰੇ ਬਦਲ ਖੁੱਲ੍ਹੇ ਹਨ,  ਜਿਨ੍ਹਾਂ ’ਤੇ ਅੰਤਿਮ ਫੈਸਲਾ ਵਰਕਰਾਂ ਦਾ ਹੋਵੇਗਾ।