ਐੱਫ. ਸੀ. ਆਈ. ਦੀ ਮੱਠੀ ਚਾਲ ਨੇ ਸ਼ੈੱਲਰ ਇੰਡਸਟਰੀ ਨੂੰ ਕੀਤਾ ਤਬਾਹ

02/10/2019 10:16:49 AM

ਜਲੰਧਰ (ਧਵਨ)—ਭਾਰਤੀ ਖੁਰਾਕ ਨਿਗਮ (ਐੱਸ. ਸੀ. ਆਈ.) ਦੀ ਮੱਠੀ ਚਾਲ ਨੇ ਸ਼ੈੱਲਰ ਇੰਡਸਟਰੀ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ। ਫੈੱਡਰੇਸ਼ਨ ਆਫ ਆਲ ਇੰਡੀਆ ਰਾਈਸ ਮਿੱਲਰਜ਼ ਦੀ 23 ਫਰਵਰੀ ਨੂੰ ਪਟਿਆਲਾ 'ਚ ਹੋਣ ਜਾ ਰਹੀ ਰਾਸ਼ਟਰੀ ਬੈਠਕ ਤੋਂ ਪਹਿਲਾਂ ਅੱਜ ਜਲੰਧਰ ਨਾਲ ਸਬੰਧਤਿ ਚੌਲ ਉਦਯੋਗ ਦੇ ਪ੍ਰਤੀਨਿਧੀਆਂ ਦੀ ਇਕ ਬੈਠਕ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਲਾਲ ਸੈਣੀ ਨੇ ਕੀਤੀ।  ਬੈਠਕ 'ਚ ਸ਼ੈੱਲਰ ਇੰਡਸਟਰੀ ਨੇ  ਐੱਫ. ਸੀ. ਆਈ. 'ਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਕਾਫੀ ਜ਼ਿਕਰ ਕੀਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਐੱਫ. ਸੀ. ਆਈ. 'ਤੇ ਲਗਾਮ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 4 ਸਾਲਾਂ 'ਚ ਸ਼ੈਲਰ ਇੰਡਸਟਰੀ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ  ਨਹੀਂ ਕੀਤੀਆਂ। ਸੈਣੀ ਨੇ ਕਿਹਾ ਕਿ ਪਿਛਲੇ ਸਾਲਾਂ 'ਚ ਚੌਲ ਉਦਯੋਗ ਦਾ ਖਰਚਾ 8 ਤੋਂ 10 ਗੁਣਾ ਵਧ ਚੁੱਕਾ ਹੈ ਪਰ ਚੌਲਾਂ ਦੀਆਂ ਕਈ ਕਿਸਮਾਂ ਬਦਲ ਚੁੱਕੀਆਂ ਹਨ ਜਿਸ ਨਾਲ ਚੌਲ ਕੱਢਣ ਦੀ ਮਾਤਰਾ ਕਾਫੀ ਘਟ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਰਵੱਈਆ ਸ਼ੈੱਲਰ ਇੰਡਸਟਰੀ ਪ੍ਰਤੀ ਕਾਫੀ ਨਾਕਾਰਾਤਮਕ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਨ ਪੁਆਇੰਟ ਡੈਮੇਜ ਜੋ ਕਿ ਚੌਲ ਖਾਣਯੋਗ ਹੈ, ਉਸ ਦੀ ਕਾਫੀ ਸਾਲਾਂ ਤੋਂ ਮੰਗ ਹੈ ਅਤੇ ਉਸ ਨੂੰ ਸਪੈਸੀਫਿਕੇਸ਼ਨ 'ਚ ਸਹੀ ਮੰਨਿਆ ਜਾਣਾ ਚਾਹੀਦਾ ਹੈ। 

ਸੈਣੀ ਨੇ ਕਿਹਾ ਕਿ ਪਟਿਆਲਾ 'ਚ ਹੋਣ ਵਾਲੀ ਰਾਸ਼ਟਰੀ ਫੈੱਡਰੇਸ਼ਨ ਦੀ ਬੈਠਕ 'ਚ ਦੇਸ਼ ਦੇ 19 ਸੂਬਿਆਂ ਦੇ ਪ੍ਰਤੀਨਿਧੀ ਹਿੱਸਾ ਲੈਣ ਜਾ ਰਹੇ ਹਨ ਜੋ ਕਿ ਮੀਲ-ਪੱਥਰ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਚੌਲ ਉਦਯੋਗ ਸੰਭਾਲਿਆ ਨਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ  ਕਿਸਾਨੀ ਦੇ ਸਾਹਮਣੇ ਇਕ ਗੰਭੀਰ ਸੰਕਟ ਪੈਦਾ ਹੋ ਜਾਏਗਾ। ਬੈਠਕ 'ਚ ਜਲੰਧਰ ਡਵੀਜ਼ਨ ਦੇ ਸਲਾਹਕਾਰ ਕਮੇਟੀ ਦੇ ਰਾਜ ਕੁਮਾਰ ਸੋਹਲ, ਦਵਿੰਦਰਬੀਰ ਸਿੰਘ, ਭੀਮ ਸੈਨ, ਨਾਰਾਇਣ ਜੀ, ਪ੍ਰਮੋਦ ਕੁਮਾਰ ਵਸੁੰਦਰਾਏ, ਦੇਸ਼ਬੰਧੂ ਕਪੂਰ, ਅਵਿਨਾਸ਼ ਕਪੂਰ, ਪੰਕਜ ਕੁਮਾਰ, ਦਿਨੇਸ਼ ਚੋਪੜਾ, ਹਰਸ਼ ਸਰੀਨ, ਸ਼ੰਮੀ, ਰਵੀ ਦੁਆ, ਬਲਵਿੰਦਰ ਸਿੰਘ ਨਾਭਾ, ਅਸ਼ਵਨੀ ਮਿੱਤਲ, ਸੁਦਰਸ਼ਨ, ਸੁਰਜੀਤ ਸਿੰਘ, ਸੁਮਿਤ ਬਬਲਾ, ਪ੍ਰੇਮ ਅਰੋੜਾ, ਸਤੀਸ਼ ਮਾਧਵ, ਰਾਜੇਸ਼ ਕਪੂਰ, ਗੋਰਾ ਦਸੂਹਾ ਅਤੇ ਹੋਰ ਸ਼ੈੱਲਰ ਮਾਲਕਾਂ ਨੇ ਵੀ ਹਿੱਸਾ ਲਿਆ।

Shyna

This news is Content Editor Shyna