‘ਕਾਂਗਰਸੀ ਵਰਕਰ ਚਲਾ ਰਹੇ ਸ਼ਰੇਆਮ ਗੋਲੀਅਾਂ, ਉਨ੍ਹਾਂ ’ਤੇ ਵੀ ਦਰਜ ਹੋਵੇ ਕੇਸ’

07/16/2018 7:06:38 AM

ਜਲੰਧਰ,  (ਰਾਜੇਸ਼)- ਵਿਆਹ ਸਮਾਰੋਹ ’ਚ ਜ਼ਮੀਨ ’ਤੇ ਪਿਸਤੌਲ ਡਿੱਗਣ ਤੋਂ ਬਾਅਦ ਗੋਲੀ ਚੱਲਣ ਦੇ ਦੋਸ਼ਾਂ ਨਾਲ ਘਿਰੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੂੰ ਹਾਈ ਕੋਰਟ ’ਚ ਰਾਹਤ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਹੈ ਕਿ ਉਹ ਪੁਲਸ ਜਾਂਚ ’ਚ ਸ਼ਾਮਲ ਹੋ ਕੇ ਪੂਰਾ ਸਹਿਯੋਗ ਕਰਨਗੇ।
ਭਾਜਪਾ ਨੇਤਾ ਅੰਗੁਰਾਲ ’ਤੇ ਆਰਮਜ਼ ਐਕਟ ਦਾ ਥਾਣਾ ਰਾਮਾ ਮੰਡੀ ’ਚ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਜਲੰਧਰ ’ਚ ਅਦਾਲਤ ਨੇ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹਾਈ ਕੋਰਟ ’ਚ ਉਨ੍ਹਾਂ ਦੀ ਜ਼ਮਾਨਤ ਦੀ  ਅਪੀਲ ਮਨਜ਼ੂਰ ਹੋ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ ਮਾਣਯੋਗ ਹਾਈ ਕੋਰਟ ’ਚ 21 ਅਗਸਤ ਨੂੰ ਹੋਵੇਗੀ। 
ਭਾਜਪਾ ਨੇਤਾ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ’ਤੇ ਜੋ ਕੇਸ ਦਰਜ ਹੋਇਆ ਹੈ, ਉਹ ਬੇਬੁਨਿਆਦ ਹੈ। ਖੇਡਦੇ ਸਮੇਂ ਪਿਸਤੌਲ ਜ਼ਮੀਨ ’ਤੇ ਡਿੱਗੀ। ਨਾ ਹੀ ਉਥੇ ਕੋਈ ਗੋਲੀ ਚੱਲੀ ਤੇ ਨਾ ਹੀ ਪੁਲਸ ਨੂੰ ਕੋਈ ਖੋਲ ਬਰਾਮਦ ਹੋਇਆ ਪਰ ਬਾਵਜੂਦ ਇਸ ਦੇ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖਿਲਾਫ ਮਾਮਲਾ ਕਾਂਗਰਸ ਪਾਰਟੀ ਦੇ ਦਬਾਅ ਹੇਠ ਦਰਜ ਹੋਇਆ, ਜਦਕਿ ਸ਼ਰੇਆਮ ਕਾਂਗਰਸ ਦੇ ਕੁਝ ਵਰਕਰ ਵਿਆਹਾਂ ’ਚ ਗੋਲੀਅਾਂ ਚਲਾਉਂਦੇ ਨਜ਼ਰ ਆਉਂਦੇ ਹਨ ਪਰ ਕਾਰਵਾਈ ਉਨ੍ਹਾਂ ’ਤੇ ਨਹੀਂ ਹੁੰਦੀ, ਜਦਕਿ ਉਨ੍ਹਾਂ ਨੇ ਤਾਂ ਗੋਲੀ ਚਲਾਈ ਤਕ ਨਹੀਂ, ਫਿਰ ਵੀ ਮਾਮਲਾ ਦਰਜ ਕਰ ਦਿੱਤਾ ਗਿਆ। 
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਵਰਕਰ ਇਕ ਸਮਾਰੋਹ ’ਚ ਸ਼ਰੇਆਮ ਫਾਇਰ ਕਰ ਰਿਹਾ ਹੈ, ਜਿਥੇ ਇਕ ਕਾਂਗਰਸ ਦਾ ਵੱਡਾ ਨੇਤਾ ਵੀ ਹੈ, ਜੋ ਸ਼ਰੇਆਮ ਆਪਣੀ ਪਿਸਤੌਲ ਦਿਖਾ ਕੇ ਨੱਚ ਰਿਹਾ ਹੈ। ਕੀ ਪੁਲਸ ਕਮਿਸ਼ਨਰ ਵੀਡੀਓ ਦੇਖ ਕੇ ਉਨ੍ਹਾਂ ’ਤੇ ਵੀ ਮਾਮਲਾ ਦਰਜ ਕਰਨਗੇ? ਉਹ ਵੀਡੀਓ ਪੁਲਸ ਕਮਿਸ਼ਨਰ ਨੂੰ ਭੇਜਣਗੇ ਤਾਂ ਜੋ ਉਨ੍ਹਾਂ ਕਾਂਗਰਸੀ ਨੇਤਾਵਾਂ ’ਤੇ ਵੀ ਕਾਰਵਾਈ ਹੋਵੇ। ਉਨ੍ਹਾਂ ਨੂੰ ਕਾਨੂੰਨ ’ਤੇ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਨੂੰ ਇਸ ਕੇਸ ’ਚ ਜਾਂਚ ਤੋਂ ਬਾਅਦ ਕਲੀਨ ਚਿੱਟ ਮਿਲੇਗੀ।