ਸਿੱਧੂ ਦੇ 'ਪਾਕਿਸਤਾਨ ਪ੍ਰੇਮ' 'ਤੇ ਸ਼ਵੇਤ ਮਲਿਕ ਨੇ ਵਿੰਨ੍ਹਿਆ ਨਿਸ਼ਾਨਾ

11/29/2018 8:52:25 AM

ਅੰਮ੍ਰਿਤਸਰ,  (ਜ. ਬ.)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਐੱਮ. ਪੀ. ਸ਼ਵੇਤ ਮਲਿਕ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਪ੍ਰੇਮ ’ਤੇ ਜ਼ੋਰਦਾਰ ਹਮਲਾ ਕਰਦਿਅਾਂ ਕਿਹਾ ਕਿ ਸਿੱਧੂ ਦਾ ਪਾਕਿਸਤਾਨ ਪ੍ਰੇਮ ਇਕ ਪ੍ਰਸ਼ਨ ਚਿੰਨ੍ਹ ਬਣ ਕੇ ਰਹਿ ਗਿਆ ਹੈ ਕਿ ਦੁਸ਼ਮਣ ਦੇਸ਼ ਪ੍ਰਤੀ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਦਾ ਇੰਨਾ ਪ੍ਰੇਮ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਬਣ ਗਿਆ ਹੈ।  ਮਲਿਕ ਨੇ ਕਿਹਾ ਕਿ ਸਿੱਧੂ ਦੀ ਆਪਣੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸਪੱਸ਼ਟ ਤੌਰ ’ਤੇ ਪਾਕਿਸਤਾਨ ਦੇ ਭੇਜੇ ਹੋਏ ਸੱਦੇ ਨੂੰ ਠੁਕਰਾ ਕੇ ਪਾਕਿਸਤਾਨ ਵੱਲੋਂ ਹੋ ਰਹੀ ਭਾਰਤ ਵਿਰੋਧੀ ਗਤੀਵਿਧੀਆਂ ਕਾਰਨ ਆਪਣਾ ਪੱਖ ਰੱਖਦਿਅਾਂ ਉਥੇ ਜਾਣ ਤੋਂ ਮਨ੍ਹਾ ਕੀਤਾ ਸੀ।

ਮਲਿਕ ਨੇ ਸਵਾਲ ਚੁੱਕਦਿਅਾਂ ਕਿਹਾ ਕਿ ਇਸ ਮੁੱਦੇ ’ਤੇ ਰਾਹੁਲ ਗਾਂਧੀ ਕਿਉਂ ਚੁੱਪ ਧਾਰੀ ਬੈਠੇ ਹਨ, ਕੀ ਉਹ ਆਪਣੇ ਹੀ ਮੁੱਖ ਮੰਤਰੀ ਨਾਲ ਸਹਿਮਤ ਨਹੀਂ ਹਨ।  ਕੀ ਰਾਹੁਲ ਗਾਂਧੀ ਸਿੱਧੂ ਨੂੰ ਪਾਕਿਸਤਾਨ ਜਾਣ ਲਈ ਕਲੀਨ ਚਿਟ ਦੇ ਰਹੇ ਹਨ। ਮਲਿਕ ਨੇ ਸਿੱਧੂ ’ਤੇ ਦੋਸ਼ ਲਾਉਂਦਿਅਾਂ ਕਿਹਾ ਕਿ ਸਿੱਧੂ ਖਾਂਦੇ ਤਾਂ ਭਾਰਤ ਦਾ ਹਨ ਤੇ ਗੁਣ ਪਾਕਿਸਤਾਨ ਦੇ ਗਾਉਂਦੇ ਹਨ। ਸਿੱਧੂ ਪਹਿਲਾਂ ਤਾਂ ਇਹ ਸਪੱਸ਼ਟ ਕਰੇ ਕਿ ਉਹ ਭਾਰਤ ਦੇ ਨਾਗਰਿਕ ਰਹਿਣਾ ਚਾਹੁੰਦੇ ਹਨ ਜਾਂ ਪਾਕਿਸਤਾਨ ਦੇ ਨਾਗਰਿਕ ਬਣਨਾ ਚਾਹੁੰਦੇ ਹਨ।

ਮਲਿਕ ਨੇ ਕਿਹਾ ਕਿ ਅੱਜ ਭਾਰਤ ’ਚ ਹੋਣ ਵਾਲੀਆਂ ਸਾਰੀਆਂ ਅੱਤਵਾਦੀ ਵਾਰਦਾਤਾਂ ਪਿੱਛੇ ਪਾਕਿਸਤਾਨ ਦੀ ਆਈ. ਐੱਸ. ਆਈ. ਖਡ਼੍ਹੀ ਨਜ਼ਰ ਆਉਂਦੀ ਹੈ,  ਇਸ ਲਈ ਭਾਰਤ ਸਰਕਾਰ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ  ਨੇ ਇਹ ਐਲਾਨ ਕੀਤਾ ਹੈ ਕਿ ਅੱਤਵਾਦ ਅਤੇ ਦੋਸਤੀ ਕਦੇ ਨਾਲ-ਨਾਲ ਨਹੀਂ ਚੱਲ ਸਕਦੇ, ਪਾਕਿਸਤਾਨ ਜਦੋਂ ਤੱਕ ਅੱਤਵਾਦੀ ਗਤੀਵਿਧੀਆਂ ਨਹੀਂ ਛੱਡੇਗਾ ਤਦ ਤੱਕ ਉਸ ਨਾਲ ਗੱਲਬਾਤ ਨਹੀਂ ਹੋ ਸਕਦੀ, ਜਦੋਂ ਕਿ ਸਿੱਧੂ ਪਾਕਿਸਤਾਨ ਨਾਲ ਦੋਸਤੀ ਦਾ ਗੁਣਗਾਨ ਕਰ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਕਹਿਣੀ ਤੇ ਕਰਨੀ ’ਚ ਫਰਕ ਹੈ, ਸੈਨਾ ਦੇ ਅੱਗੇ ਉਨ੍ਹਾਂ ਦੀ ਇਕ ਵੀ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਸਿੱਧੂ ਪਾਕਿਸਤਾਨ ਜਾ ਕੇ ਭਾਰਤ ਵਿਰੋਧੀ ਬਿਆਨਬਾਜ਼ੀ ਕਰਦੇ ਹਨ ਅਤੇ ਸਾਡੇ ਨਿਰਦੋਸ਼ ਸੈਨਿਕਾਂ ਤੇ ਨਾਗਰਿਕਾਂ ਦੀ ਸ਼ਹਾਦਤ ਦੇ ਜ਼ਖਮਾਂ ’ਤੇ ਨਮਕ ਛਿਡ਼ਕਣ ਦਾ ਕੰਮ ਕਰਦੇ ਹਨ।

  ਕੈਪਟਨ ਦੇ ਰਾਜ ’ਚ ਮੰਤਰੀ ਕਰਦੇ ਮਨਮਾਨੀ—
ਮਲਿਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਸੀ ਪਰ ਉਸ ਨੇ ਪਾਰਟੀ ਲੀਡਰਸ਼ਿਪ ਦੀ ਵੀ ਪ੍ਰਵਾਹ ਨਹੀਂ ਕੀਤੀ। ਇਹ ਗੱਲਾਂ ਇਸ ਗੱਲ ਦਾ ਸ਼ੱਕ ਪੈਦਾ ਕਰਦੀਆਂ ਹਨ ਕਿ ਪਾਕਿ ਸਰਕਾਰ ਦਾ ਸਿੱਧੂ ਪ੍ਰੇਮ ਸਾਰੇ ਭਾਰਤੀਆਂ ਦੇ ਦਿਮਾਗ ’ਚ ਸ਼ੱਕ ਪੈਦਾ ਕਰ ਰਿਹਾ ਹੈ ਕਿ ਇਹ ਇਕ ਭਾਰਤੀ ਮੰਤਰੀ ਦਾ ਦੁਸ਼ਮਣ ਦੇਸ਼  ਦੇ ਨਾਲ ਕਿਹੋ-ਜਿਹਾ ਗਠਜੋਡ਼ ਹੈ।  ਮਲਿਕ ਨੇ ਕੇਂਦਰ ਸਰਕਾਰ ਤੋਂ ਸਿੱਧੂ ਦੇ ਪਾਕਿਸਤਾਨ ਨਾਲ ਸਬੰਧਾਂ ਦੀ ਜਾਂਚ ਦੀ ਮੰਗ ਕਰਦਿਅਾਂ ਕਿਹਾ ਕਿ ਸਿੱਧੂ ਸ਼ੱਕ ਦੇ ਘੇਰੇ ਵਿਚ ਆ ਚੁੱਕੇ ਹਨ। ਉਹ ਦੇਸ਼ ਵਾਸੀਆਂ ਨੂੰ ਸਪੱਸ਼ਟ ਕਰਨ ਕਿ ਅਜਿਹੀ ਕੀ ਮਜਬੂਰੀ ਹੈ ਕਿ ਉਹ ਦੇਸ਼ ਦੀਆਂ ਭਾਵਨਾਵਾਂ ਦਾ ਵਿਚਾਰ ਨਾ ਕਰਦਿਅਾਂ ਉਨ੍ਹਾਂ ਨੂੰ ਠੇਸ ਪਹੁੰਚਾਉਂਦੇ ਹੋਏ ਪਾਕਿਸਤਾਨ ਦਾ ਗੁਣਗਾਨ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਿੱਧੂ ’ਤੇ ਪਿਆਰ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਿੱਧੂ ਨੂੰ ਸਲਾਹ ਦਿੱਤੀ ਕਿ ਉਹ ਪਾਕਿਸਤਾਨ ਦੀ ਨਾਗਰਿਕਤਾ ਸਵੀਕਾਰ ਕਰ ਲੈਣ।