ਕੈਪਟਨ ਸਰਕਾਰ ਸ਼ਹਿਰੀ ਵਿਕਾਸ ਕਰਵਾਉਣ ''ਚ ਫੇਲ : ਸ਼ਵੇਤ ਮਲਿਕ

08/01/2019 9:35:24 PM

ਜਲੰਧਰ: ਸਾਂਸਦ ਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ 'ਚ ਸਮਾਰਟ ਸਿਟੀ ਪ੍ਰਾਜੈਕਟ ਲਈ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਵਿਕਾਸ ਲਈ ਮੋਦੀ ਸਰਕਾਰ ਤੋਂ ਮਿਲੇ 1500 ਕਰੋੜ ਰੁਪਏ ਖਰਚ ਕਰਨ 'ਚ ਅਸਫਲ ਰਹਿਣ 'ਤੇ ਕਾਂਗਰਸ ਦੀ ਕੈਪਟਨ ਸਰਕਾਰ ਨੂੰ ਸੰਸਦ 'ਚ ਘੇਰਿਆ। ਮਲਿਕ ਨੇ ਕਿਹਾ ਕਿ ਜਦ ਤੋਂ ਕੈਪਟਨ ਸਰਕਾਰ ਬਣੀ ਹੈ, ਤਦ ਤੋਂ ਪੰਜਾਬ ਦੇ ਵਿਕਾਸ ਤੇ ਕੇਂਦਰ ਵਲੋਂ ਦਿੱਤੀ ਗਈ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸ਼ਗੁਨ ਸਕੀਮ, ਆਟਾ ਦਾਲ ਸਕੀਮ, ਮੁਫਤ ਧਾਰਮਿਕ ਯਾਤਰਾ ਰੋਜ਼ਗਾਰ ਜਿਹੀਆਂ ਯੋਜਨਾਵਾਂ 'ਤੇ ਗ੍ਰਹਿਣ ਲੱਗ ਗਿਆ ਹੈ। ਮਲਿਕ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਕਿ ਦੇਸ਼ 'ਚ ਬਣਨ ਵਾਲੇ 100 ਸਮਾਰਟ ਸਿਟੀ ਦੀ ਸੂਚੀ 'ਚ ਪੰਜਾਬ ਦੇ ਪ੍ਰਮੁੱਖ ਸ਼ਹਿਰ ਸਿੱਖਾਂ ਦਾ ਮੱਕਾ ਤੇ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਸਪੋਰਟਸ ਹੱਬ ਜਲੰਧਰ, ਵਿਸ਼ਵ ਪ੍ਰਸਿੱਧ ਹੋਜਰੀ ਨਗਰੀ ਲੁਧਿਆਣਾ ਨੂੰ ਸ਼ਾਮਲ ਕੀਤਾ ਤੇ ਹਰ ਸ਼ਹਿਰ ਦੇ ਵਿਕਾਸ ਨੂੰ ਪੰਖ ਲਗਾਉਣ ਲਈ 1500 ਕਰੋੜ ਦੀ ਰਾਸ਼ੀ ਜਾਰੀ ਕੀਤੀ। ਜਿਸ ਨਾਲ ਵਿਕਾਸ ਕਰਵਾਉਣ 'ਚ ਕੈਪਟਨ ਅਮਰਿੰਦਰ ਸਰਕਾਰ ਫੇਲ ਹੋਈ ਹੈ। ਇਸ ਦੇ ਨਾਲ ਹੀ ਸ਼ਹਿਰੀਆਂ ਦੇ ਤੇਜ਼ੀ ਨਾਲ ਵਿਕਾਸ ਹੋਣ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਮਲਿਕ ਨੇ ਕਿਹਾ ਕਿ ਬਾਰ-ਬਾਰ ਖਜ਼ਾਨਾ ਖਾਲੀ ਦੀ ਦੁਹਾਈ ਦੇਣ ਵਾਲੀ ਕੈਪਟਨ ਸਰਕਾਰ ਦੱਸੇ ਇਹ ਕੇਂਦਰ ਸਰਕਾਰ ਵਲੋਂ 3 ਸਾਲ ਪਹਿਲਾਂ ਮਿਲੇ 1500 ਕਰੋੜ ਰੁਪਏ ਕਿਥੇ ਗਏ?

ਮਲਿਕ ਨੇ ਕਿਹਾ ਸਮਾਰਟ ਸਿਟੀ ਪ੍ਰਾਜੈਕਟ ਸਿਟੀ ਸਰਕਾਰ ਵਲੋਂ ਸ਼ਹਿਰੀ ਨਿਵਾਸੀਆਂ ਦੇ ਜੀਵਨ ਨੂੰ ਮੁਕੰਮਲ ਸਹੂਲਤਾਂ ਬਣਾਉਣ ਲਈ ਕੀਤਾ ਤਾਂ ਜੋ ਉਨ੍ਹਾਂ ਨੂੰ ਸੁਵਿਧਾਵਾਂ ਉਨ੍ਹਾਂ ਦੇ ਦਰਵਾਜੇ ਤਕ ਹੀ ਜਾ ਸਕਣ। ਮਲਿਕ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਚ ਸ਼ਾਨਦਾਰ ਆਧੁਨਿਕ ਤਕਨੀਕ ਦੀਆਂ ਸੜਕਾਂ, ਹਰ ਘਰ ਤਕ ਸੀਵਰੇਜ ਤੇ ਪੀਣ ਵਾਲੇ ਪਾਣੀ, ਸੁੰਦਰ ਸਟਰੀਟ ਲਾਈਟ ਤੇ ਪਾਰਕੋ ਦਾ ਸੁੰਦਰ ਬਣਾਉਣ, ਲੋਕਾਂ ਦੀ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ, ਹਸਪਤਾਲ, ਦਰੱਖਤ ਲਗਾਉਣਾ, ਸਕੂਲ ਤੇ ਕਾਲਜਾਂ ਦਾ ਨਿਰਮਾਣ ਕਮਿਊਨਿਟੀ ਸੈਂਟਰ, ਟ੍ਰੈਫਿਕ ਪ੍ਰਬੰਧਨ ਲਈ ਮਲਟੀ ਸਟੋਰੀ ਪਾਰਕਿੰਗ ਏਲੀਵੇਟੇਡ ਰੋਡ ਤੇ ਓਵਰਬ੍ਰਿਜ਼ਾਂ ਦਾ ਨਿਰਮਾਣ, ਵਿਸ਼ੇਸ਼ ਮਸ਼ੀਨਾਂ ਤੇ ਕੂੜਾ ਖਤਮ ਕਰਨ ਲਈ ਸਾਲਿਡ ਵੇਸਟ ਪਲਾਂਟ ਲਗਵਾਉਣਾ ਸੀ, ਜਿਸ 'ਚ ਕੈਪਟਨ ਸਰਕਾਰ ਫੇਲ ਹੋਈ। ਸੰਸਦ 'ਚ ਕੇਂਦਰ ਸਰਕਾਰ ਤੋਂ ਪੰਜਾਬੀਆਂ ਦੇ ਹੱਕ 'ਚ ਜ਼ੋਰਦਾਰ ਆਵਾਜ਼ ਚੁੱਕਦੇ ਕਿਹਾ ਕਿ ਦਿੱਲੀ ਤੋਂ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਇਕ ਉਚ ਪੱਧਰੀ ਸਾਂਸਦਾਂ ਤੇ ਅਧਿਕਾਰੀਆਂ ਦੀ ਕਮੇਟੀ ਇਸ ਸਮਾਰਟ ਸਿਟੀ ਨੂੰ ਮਿਲੇ ਤੇ ਕੇਂਦਰ ਸਰਕਾਰ ਦੇ 1500 ਕਰੋੜ ਰੁਪਏ ਡਕਾਰਨ 'ਤੇ ਪੰਜਾਬ ਸਰਕਾਰ ਖਿਲਾਫ ਜਾਂਚ ਲਈ ਭੇਜੇ। ਮਲਿਕ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਭਵਿੱਖ 'ਤੇ ਤਾਲਾ ਲੱਗਾ ਕੇ ਬੈਠ ਗਈ ਹੈ ਤੇ ਭਾਜਪਾ ਕਾਰਜਕਰਤਾਵਾਂ ਜਨਤਾ ਦੀ ਲੜਾਈ ਸੜਕਾਂ 'ਤੇ ਉਤਰ ਕੇ ਲੜਨਗੇ, ਜਦ ਤਕ ਇਸ ਜਨ ਵਿਰੋਧੀ ਕੈਪਟਨ ਸਰਕਾਰ ਤੋਂ ਛੁਟਕਾਰਾ ਨਾ ਮਿਲ ਜਾਵੇ।