ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ''ਤੇ ਬ੍ਰੇਕ, ਵਾਤਾਵਰਣ ਮੰਤਰਾਲਾ ਨੇ ਤਲਬ ਕੀਤੀ ਰਿਪੋਰਟ

07/16/2019 12:57:04 AM

ਚੰਡੀਗੜ੍ਹ,(ਅਸ਼ਵਨੀ): ਸ਼ਾਹਪੁਰ ਕੰਡੀ ਡੈਮ ਦੇ ਨਿਰਮਾਣ ਦਾ ਆਗਾਜ਼ ਹੁੰਦੇ ਹੀ ਇਸ 'ਤੇ ਬ੍ਰੇਕ ਲੱਗ ਗਈ ਹੈ। ਪੰਜਾਬ ਜੰਗਲਾਤ ਵਿਭਾਗ ਨੇ ਡੈਮ ਨਿਰਮਾਣ ਅਧੀਨ ਆਉਣ ਵਾਲੀ ਵਣ ਭੂਮੀ ਦੇ ਚਲਦੇ ਪੰਜਾਬ ਜਲ ਸਰੋਤ ਵਿਭਾਗ ਨੂੰ ਤੱਤਕਾਲ ਪ੍ਰਭਾਵ ਨਾਲ ਕਾਰਜ ਰੋਕਣ ਦੇ ਆਦੇਸ਼ ਦਿੱਤੇ ਹਨ। ਦਰਅਸਲ, ਪੰਜਾਬ ਜਲ ਸਰੋਤ ਵਿਭਾਗ ਨੇ ਡੈਮ ਨਿਰਮਾਣ ਲਈ ਕਰੀਬ 109.64 ਹੈਕਟੇਅਰ ਵਣ ਭੂਮੀ ਡਾਇਵਰਟ ਕਰਨ ਦਾ ਪ੍ਰਸਤਾਵ ਪੰਜਾਬ ਜੰਗਲਾਤ ਵਿਭਾਗ ਨੂੰ ਭੇਜਿਆ ਸੀ, ਜਿਸਦੀ ਮਨਜ਼ੂਰੀ ਕੇਂਦਰੀ ਵਾਤਾਵਰਣ ਮੰਤਰਾਲਾ ਦੇ ਪੱਧਰ 'ਤੇ ਦਿੱਤੀ ਜਾਣੀ ਹੈ। ਪ੍ਰਸਤਾਵ 'ਚ ਜਲ ਸਰੋਤ ਵਿਭਾਗ ਨੇ ਇਸ ਭੂਮੀ 'ਤੇ ਹਰੇ-ਭਰੇ ਕਰੀਬ 16,160 ਰੁੱਖਾਂ ਅਤੇ 889 ਅੰਡਰਸਾਈਜ਼ ਪੋਲ ਨੂੰ ਕੱਟਣ ਦੀ ਆਗਿਆ ਵੀ ਮੰਗੀ ਸੀ। ਇਸ ਪ੍ਰਸਤਾਵ ਦੇ ਆਧਾਰ 'ਤੇ ਪੰਜਾਬ ਜੰਗਲਾਤ ਵਿਭਾਗ ਨੇ ਡੈਮ ਨਿਰਮਾਣ ਦੇ ਕਾਰਜ ਨੂੰ ਤੱਤਕਾਲ ਰੋਕਣ ਦਾ ਆਦੇਸ਼ ਦਿੱਤਾ ਹੈ। ਵਾਤਾਵਰਣ ਮੰਤਰਾਲਾ ਨੂੰ ਭੇਜੀ ਗਈ ਰਿਪੋਰਟ 'ਚ ਪੰਜਾਬ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਲਿਖਿਆ ਹੈ ਕਿ ਸ਼ਾਹਪੁਰ ਕੰਡੀ ਡੈਮ ਯੋਜਨਾ ਦੇ ਚੀਫ ਇੰਜੀਨੀਅਰ ਨੇ ਫਾਰੈਸਟ ਕੰਜਰਵੇਸ਼ਨ ਐਕਟ, 1980 ਤਹਿਤ ਜੰਗਲ ਭੂਮੀ ਨੂੰ ਡਾਇਵਰਟ ਕਰਨ ਦਾ ਪ੍ਰਸਤਾਵ ਪੰਜਾਬ ਜੰਗਲਾਤ ਵਿਭਾਗ ਨੂੰ ਭੇਜਿਆ ਹੈ। ਜੰਗਲਾਤ ਅਧਿਕਾਰੀਆਂ ਦੇ ਪੱਧਰ 'ਤੇ ਮੌਕਾ- ਮੁਆਇਨਾ ਕਰਨ ਦੌਰਾਨ ਪਾਇਆ ਗਿਆ ਕਿ ਡੈਮ ਨਿਰਮਾਣ ਲਈ ਪਾਣੀ ਚਸ਼ਮਾ ਵਿਭਾਗ ਨੂੰ ਕਰੀਬ 333.91 ਹੈਕਟੇਅਰ ਜੰਗਲਾਤ ਜ਼ਮੀਨ ਦੀ ਜਰੂਰਤ ਹੈ ਪਰ ਜਲ ਸਰੋਤ ਨੇ ਸਿਰਫ 109.64 ਹੈਕਟੇਅਰ ਜੰਗਲ ਭੂਮੀ ਨੂੰ ਡਾਇਵਰਟ ਕਰਨ ਦਾ ਹੀ ਪ੍ਰਸਤਾਵ ਭੇਜਿਆ ਹੈ। ਪਾਣੀ ਚਸ਼ਮਾ ਵਿਭਾਗ ਨੇ ਪੰਜਾਬ ਲੈਂਡ ਪ੍ਰਿਜਰਵੇਸ਼ਨ ਕਟ ਦੇ ਅਧੀਨ ਕਰੀਬ 58.75 ਹੈਕਟੇਅਰ ਡਿਲਿਸਟਿਡ ਲੈਂਡ ਅਤੇ ਕਰੀਬ 165.91 ਹੈਕਟੇਅਰ ਨਦੀ ਤਲ ਦੀ ਜਮੀਨ ਨੂੰ ਇਸ ਪ੍ਰਸਤਾਵ 'ਚ ਸ਼ਾਮਿਲ ਨਹੀਂ ਕੀਤਾ ਹੈ। ਮੌਕੇ ਦੀ ਜਾਂਚ ਕਰਨ ਦੌਰਾਨ ਇਹ ਵੀ ਪਾਇਆ ਗਿਆ ਕਿ ਡੈਮ ਨਿਰਮਾਣ ਦਾ ਕਾਰਜ ਚਾਲੂ ਹੋ ਚੁੱਕਿਆ ਹੈ ਪਰ ਕਜਲ ਸਰੋਤ ਵਿਭਾਗ ਦਾ ਕਹਿਣਾ ਹੈ ਕਿ ਇਹ ਕਾਰਜ 1999 'ਚ ਹੀ ਸ਼ੁਰੂ ਹੋ ਗਿਆ ਸੀ। ਫਿਲਹਾਲ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਡੈਮ ਨਿਰਮਾਣ ਨਾਲ ਜੁੜੇ ਸਾਰੇ ਕੰਮਾਂ ਨੂੰ ਤੱਤਕਾਲ ਪ੍ਰਭਾਵ ਨਾਲ ਰੋਕਣ ਲਈ ਕਿਹਾ ਹੈ। ਪੰਜਾਬ ਜੰਗਲਾਤ ਵਿਭਾਗ ਨੇ ਇਸ ਸਬੰਧ 'ਚ ਪੂਰੀ ਰਿਪੋਰਟ ਵਾਤਾਵਰਣ ਮੰਤਰਾਲਾ ਨੂੰ ਭੇਜ ਦਿੱਤੀ ਹੈ ਤਾਂਕਿ ਮੰਤਰਾਲਾ ਦੇ ਪੱਧਰ 'ਤੇ ਮਨਜ਼ੂਰੀ ਮਿਲ ਸਕੇ।

ਵਾਤਾਵਰਣ ਮੰਤਰਾਲਾ ਨੇ ਤਲਬ ਕੀਤੀ ਰਿਪੋਰਟ:
ਇਸ ਪ੍ਰਸਤਾਵ 'ਤੇ ਹੁਣ ਵਾਤਾਵਰਣ ਮੰਤਰਾਲਾ ਨੇ ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਤੋਂ ਰਿਪੋਰਟ ਤਲਬ ਕੀਤੀ ਹੈ। 5 ਜੁਲਾਈ 2019 ਨੂੰ ਡਿਪਟੀ ਇੰਸਪੈਕਟਰ ਜਨਰਲ ਆਫ ਫਾਰੈਸਟ ਵੱਲੋਂ ਖੇਤਰੀ ਦਫ਼ਤਰ ਨੂੰ ਭੇਜੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਖੇਤਰੀ ਦਫ਼ਤਰ ਦੇ ਅਧਿਕਾਰੀ ਪ੍ਰਸਤਾਵਿਤ ਯੋਜਨਾ ਦੇ ਅਧੀਨ ਆਉਣ ਵਾਲੇ ਵਣ ਖੇਤਰ ਦਾ ਦੌਰਾ ਕਰਨ ਅਤੇ ਛੇਤੀ ਤੋਂ ਛੇਤੀ ਇਸ ਮਾਮਲੇ ਦੀ ਪੂਰੀ ਰਿਪੋਰਟ ਮੰਤਰਾਲਾ 'ਚ ਜਮ੍ਹਾਂ ਕਰਵਾਈ ਜਾਵੇ। ਖੇਤਰੀ ਦਫ਼ਤਰ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਛੇਤੀ ਹੀ ਮਾਹਰਾਂ ਦੀ ਟੀਮ ਜਾਂਚ ਕਰਕੇ ਮੰਤਰਾਲਾ ਨੂੰ ਰਿਪੋਰਟ ਜਮ੍ਹਾਂ ਕਰੇਗੀ।

ਰੁਕਦਾ ਰਿਹਾ ਹੈ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ:
ਸ਼ਾਹਪੁਰ ਕੰਡੀ ਡੈਮ ਯੋਜਨਾ ਕਈ ਵਾਰ ਵਿਚਕਾਰ 'ਚ ਲਟਕ ਚੁੱਕੀ ਹੈ। ਉਂਝ ਤਾਂ ਇਸ ਯੋਜਨਾ ਦਾ ਨੀਂਹਪੱਥਰ ਅਪ੍ਰੈਲ 1995 'ਚ ਤਤਕਾਲੀਨ ਪ੍ਰਧਾਨਮੰਤਰੀ ਪੀ. ਵੀ. ਨਰਸਿੰਹਾ ਰਾਵ ਨੇ ਕੀਤਾ ਸੀ ਪਰ 3 ਸਾਲਾਂ 'ਚ ਯੋਜਨਾ ਮੁਕੰਮਲ ਹੋਣ ਦਾ ਟੀਚਾ ਹੋਣ ਦੇ ਬਾਵਜੂਦ ਇਹ ਯੋਜਨਾ ਵਿਚਕਾਰ 'ਚ ਲਟਕੀ ਰਹੀ। 2001 'ਚ ਪਲਾਨਿੰਗ ਕਮਿਸ਼ਨ ਨੇ ਹਰੀ ਝੰਡੀ ਵਿਖਾਈ ਪਰ 2004 'ਚ ਪੰਜਾਬ ਸਰਕਾਰ ਵੱਲੋਂ ਸਾਰੇ ਸਮਝੌਤਿਆਂ ਨੂੰ ਰੱਦ ਕਰਨ ਦਾ ਐਲਾਨ ਦੇ ਨਾਲ ਹੀ ਇਹ ਯੋਜਨਾ ਵਿਚਕਾਰ 'ਚ ਲਟਕ ਗਈ। 2008 'ਚ ਇਸਨੂੰ ਕੌਮੀ ਯੋਜਨਾ ਘੋਸ਼ਿਤ ਕੀਤਾ ਗਿਆ ਪਰ ਯੋਜਨਾ ਦਾ ਨਿਰਮਾਣ ਕਾਰਜ 2013 'ਚ ਸ਼ੁਰੂ ਹੋਇਆ। ਅਗਸਤ 2014 'ਚ ਜੰਮੂ-ਕਸ਼ਮੀਰ ਅਤੇ ਪੰਜਾਬ 'ਚ ਵਿਵਾਦ ਕਾਰਨ ਇਹ ਯੋਜਨਾ ਇੱਕ ਵਾਰ ਫਿਰ ਲਟਕ ਗਈ। ਨਵੰਬਰ 2018 'ਚ ਇਸ ਯੋਜਨਾ ਦਾ ਦੁਬਾਰਾ ਆਗਾਜ਼ ਕੀਤਾ ਗਿਆ ਸੀ ਪਰ ਡੈਮ ਨਿਰਮਾਣ ਕਰਨ ਵਾਲੀ ਕੰਪਨੀ ਦੀ ਬਕਾਇਆ ਧਨਰਾਸ਼ੀ ਕਾਰਨ ਕਈ ਮਹੀਨੇ ਕਾਰਜ ਚਾਲੂ ਨਹੀਂ ਹੋ ਸਕਿਆ। ਹੁਣ ਡੈਮ ਦਾ ਨਿਰਮਾਣ ਕਾਰਜ ਚਾਲੂ ਹੋਣਾ ਸੀ ਤਾਂ ਵਣਖੇਤਰ ਕਾਰਨ ਡੈਮ ਨਿਰਮਾਣ 'ਤੇ ਰੋਕ ਲਾ ਦਿੱਤੀ ਗਈ ਹੈ।