ਸ਼ਾਹਕੋਟ ਉੱਪ ਚੋਣ : ਕੰਬੋਜ ਬਰਾਦਰੀ ਦੇ ਨੁਮਾਇੰਦੇ ਨੂੰ ਹੀ ਕਾਂਗਰਸ ਦੇਵੇ ਟਿਕਟ : ਪੂਰਨ ਸਿੰਘ ਥਿੰਦ

03/30/2018 8:03:48 AM

ਸ਼ਾਹਕੋਟ, (ਅਰੁਣ)— ਕਾਂਗਰਸ ਪਾਰਟੀ ਜੇਕਰ ਕੰਬੋਜ ਬਰਾਦਰੀ ਦੇ ਕਿਸੇ ਨੁਮਾਇੰਦੇ ਨੂੰ ਸ਼ਾਹਕੋਟ ਹਲਕੇ ਦੀ ਟਿਕਟ ਦਿੰਦੀ ਹੈ ਤਾਂ ਪਾਰਟੀ ਦਾ ਉਮੀਦਵਾਰ ਵੱਡੀ ਲੀਡ ਹਾਸਲ ਕਰਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਸਕਦਾ ਹੈ। 
ਉਕਤ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਜਲੰਧਰ ਦਿਹਾਤੀ ਪੰਜਾਬ ਕਿਸਾਨ-ਮਜ਼ਦੂਰ ਸੈੱਲ ਦੇ ਚੇਅਰਮੈਨ ਪੂਰਨ ਸਿੰਘ ਥਿੰਦ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ 'ਚ ਕੰਬੋਜ ਭਾਈਚਾਰੇ ਦੇ ਲੋਕ ਅਤੇ ਜਥੇਦਾਰ ਹਰੀ ਸਿੰਘ, ਹਰਦੇਵ ਸਿੰਘ ਬਿੱਲਾ, ਬਹਾਦਰ ਸਿੰਘ, ਮਹਿਤਾਬ ਸਿੰਘ, ਕਾਦਰ ਖਾਨ, ਯਾਦਵਿੰਦਰ ਸਿੰਘ ਗਿੱਦੜਪਿੰਡੀ, ਸਵਰਨ ਸਿੰਘ ਬਰਾੜ, ਗੱੱਜਣ ਸਿੰਘ, ਰੇਸ਼ਮ ਸਿੰਘ ਜ਼ਾਫਰਵਾਲ, ਰਣਜੀਤ ਸਿੰਘ ਥਿੰਦ, ਮਲਕੀਤ ਸਿੰਘ, ਗਿਆਨੀ ਜੈਦੇਵ ਸਿੰਘ, ਮਲਕੀਤ ਸਿੰਘ, ਸ਼ਿੰਦਾ, ਸੁਖਵਿੰਦਰ ਸਿੰਘ ਸ਼ੇਖੇਵਾਲ ਆਦਿ ਹਾਜ਼ਰ ਸਨ।
ਪੂਰਨ ਸਿੰਘ ਥਿੰਦ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਕੰਬੋਜ ਬਰਾਦਰੀ ਦੇ ਵਿਅਕਤੀ ਨੂੰ ਟਿਕਟ ਦੇ ਕੇ ਮੈਦਾਨ 'ਚ ਉਤਾਰੇ। ਫਿਰ ਭਾਵੇਂ ਉਹ ਪੈਰਾਸ਼ੂਟ ਉਮੀਦਵਾਰ ਹੀ ਕਿਉਂ ਨਾ ਹੋਵੇ। ਸਮੂਹ ਕੰਬੋਜ ਬਰਾਦਰੀ ਇਹ ਫੈਸਲਾ ਕਰ ਚੁੱਕੀ ਹੈ ਕਿ ਉਹ ਕੰਬੋਜ ਉਮੀਦਵਾਰ ਦਾ ਡਟ ਕੇ ਸਾਥ ਦੇਵੇਗੀ। ਉਨ੍ਹਾਂ ਦੱਸਿਆ ਕਿ ਕੰੰਬੋਜ ਬਰਾਦਰੀ ਦੀ ਹਲਕੇ ਅੰਦਰ 45 ਫੀਸਦੀ ਵੋਟ ਹੈ। ਇਸੇ ਤੱਥ ਨੂੰ ਦੇਖਦੇ ਹੋਏ ਕੰਬੋਜ ਬਰਾਦਰੀ ਨੂੰ ਆਪਣੇ ਵੱਲ ਖਿੱਚਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ 'ਆਪ' ਪਾਰਟੀ ਦੇ 2017 ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰ ਰਹੇ  ਡਾ. ਅਮਰਜੀਤ ਸਿੰਘ ਥਿੰਦ ਨੂੰ ਅਕਾਲੀ ਦਲ 'ਚ ਸ਼ਾਮਲ ਕੀਤਾ ਹੈ। ਡਾ. ਥਿੰਦ ਨੂੰ ਵਿਧਾਨ ਸਭਾ ਚੋਣਾਂ ਦੌਰਾਨ 41010 ਵੋਟਾਂ ਹਾਸਲ ਹੋਈਆਂ ਸਨ। ਉਨ੍ਹਾਂ ਕਿਹਾ ਕਿ ਕੰਬੋਜ ਬਰਾਦਰੀ ਕਾਂਗਰਸ ਨਾਲ ਖੜ੍ਹੀ ਹੈ ਤੇ ਕਾਂਗਰਸ ਹਾਈਕਮਾਨ ਨੂੰ ਵੀ ਚਾਹੀਦਾ ਹੈ ਕਿ ਕੰਬੋਜ ਬਰਾਦਰੀ ਦੇ ਹੀ ਕਿਸੇ ਵਿਅਕਤੀ ਨੂੰ ਹਲਕੇ ਅੰਦਰ ਉੱਪ ਚੋਣ ਲੜਨ ਲਈ ਮੈਦਾਨ 'ਚ ਉਤਾਰਿਆ ਜਾਵੇ। 
ਥਿੰਦ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਵਲੋਂ ਲਏ ਗਏ ਹਰ ਤਰ੍ਹਾਂ ਦੇ ਫੈਸਲੇ ਦਾ ਸਵਾਗਤ ਕਰਨਗੇ। ਹਾਈਕਮਾਨ ਜਿਸ ਕਿਸੇ ਨੂੰ ਵੀ ਟਿਕਟ ਦੇਵੇਗੀ ਅਸੀਂ ਉਸ ਦਾ ਵਿਰੋਧ ਨਹੀਂ ਕਰਾਂਗੇ, ਸਗੋਂ ਪਾਰਟੀ ਤੇ ਉਮੀਦਵਾਰ ਦਾ ਡਟ ਕੇ ਸਾਥ ਦੇਵਾਂਗੇ।
ਇਸ ਮੌਕੇ ਉਨ੍ਹਾਂ ਹਲਕੇ ਅੰਦਰ ਚਲਦੀ ਰੇਤ ਦੀ ਕਾਲਾਬਾਜ਼ਾਰੀ ਦੀ ਵੀ ਗੱਲ ਕੀਤੀ। ਜਿਸ ਬਾਰੇ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਦੋਸ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ 'ਚੋਂ ਸਰਕਾਰੀ ਖਣਿਜ ਦੀ ਸ਼ਰੇਆਮ ਚੋਰੀ ਹੋ ਰਹੀ ਹੈ। ਜੇਕਰ ਪ੍ਰਸ਼ਾਸਨ ਨੇ ਜਲਦ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਆਉਣ ਵਾਲੇ ਸਮੇਂ 'ਚ ਹੋਰ ਵੱਡੇ ਖੁਲਾਸੇ ਕਰਨਗੇ।