ਸ਼ਾਹਕੋਟ ਪੁਲਸ ਵਲੋਂ 5 ਕਰੋੜ ਦੀ ਹੈਰੋਇਨ ਸਮੇਤ ਕਾਰ ਸਵਾਰ ਗ੍ਰਿਫਤਾਰ

08/30/2020 1:11:16 AM

ਸ਼ਾਹਕੋਟ,(ਤ੍ਰੇਹਨ) : ਸ਼ਾਹਕੋਟ ਪੁਲਸ ਨੇ ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ. ਐਚ. ਓ. ਸੁਰਿੰਦਰ ਕੁਮਾਰ ਨੇ ਪੁਲਸ ਪਾਰਟੀ ਸਮੇਤ ਕਾਰ ਸਵਾਰ ਵਿਅਕਤੀ ਨੂੰ 5 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਐਸ. ਐਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਅਗਵਾਈ 'ਚ ਪੁਲਸ ਨੇ ਮਲਸੀਆਂ ਮੇਨ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਗੱਡੀ ਨੂੰ ਰੋਕਿਆ। ਕਾਰ ਸਵਾਰ ਨੇ ਆਪਣਾ ਨਾਮ ਲਖਵੀਰ ਸਿੰਘ ਵਾਸੀ ਲਾਟੀਆਂਵਾਲ (ਕਪੂਰਥਲਾ) ਦੱਸਿਆ। ਤਲਾਸ਼ੀ ਲੈਣ 'ਤੇ ਕਾਰ ਸਵਾਰ ਪਾਸੋਂ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਰੁਪਏ ਹੈ। ਡੀ. ਐਸ. ਪੀ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਐਨ. ਡੀ. ਪੀ. ਐਸ. ਤਹਿਤ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁੱਛ ਗਿੱਛ ਦੌਰਾਨ ਲਖਵੀਰ ਸਿੰਘ (32) ਨੇ ਪੁਲਸ ਨੇ ਦੱਸਿਆ ਕਿ ਉਸ ਨੇ 9 ਜਮਾਤਾਂ ਪਾਸ ਕੀਤੀਆਂ ਹਨ। ਪੜਾਈ ਕਰਨ ਤੋਂ ਬਾਅਦ ਉਸ ਨੇ ਬਰਾੜ ਨਰਸਿੰਗ ਹੋਮ ਦਿਆਲਪੁਰ ਤੋਂ ਫਾਰਮੈਸੀ ਦਾ ਕੋਰਸ ਕੀਤਾ ਸੀ। ਕੋਰਸ ਕਰਨ ਤੋਂ ਬਾਅਦ ਉਹ ਕਰੀਬ 6 ਸਾਲ ਤੋਂ ਲਾਟੀਆਂਵਾਲ ਵਿਚ ਹੀ ਆਪਣਾ ਕਲੀਨਿਕ ਚਲਾਉਂਦਾ ਹੈ। ਉਹ ਚਾਰ ਭਰਾ ਹਨ ਤੇ ਉਨ੍ਹਾਂ ਚਾਰਾਂ ਭਰਾਵਾਂ ਦੇ ਕੋਲ 8 ਕਿੱਲੇ ਜ਼ਮੀਨ ਹੈ। ਮੁਲਜ਼ਮ ਕਲੀਨਿਕ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਵੀ ਕਰਦਾ ਹੈ। ਖੇਤੀਬਾੜੀ ਤੇ ਕਲੀਨਿਕ ਦੇ ਕੰਮਕਾਰ ਨਾਲ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਸੀ। ਜਿਸ ਕਰਕੇ ਉਹ ਵੱਡੇ ਪੱਧਰ 'ਤੇ ਨਸ਼ੇ ਦਾ ਕਾਰੋਬਾਰ ਕਰਨ ਲੱਗ ਪਿਆ। ਉਹ ਕਾਫ਼ੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਸ ਦੇ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿਖੇ ਪਹਿਲਾਂ ਹੀ 2 ਮੁਕੱਦਮੇ ਦਰਜ ਹਨ, ਜਿਨ੍ਹਾਂ 'ਚ ਉਹ ਜ਼ਮਾਨਤ 'ਤੇ ਆਇਆ ਹੋਇਆ ਹੈ। ਮੁਲਜ਼ਮ ਦੇ ਦੋ ਭਰਾ ਧਰਮਿੰਦਰ ਸਿੰਘ ਤੇ ਨਿੰਦਰ ਸਿੰਘ ਨਸ਼ੇ ਦੀ ਸਮੱਗਲਿੰਗ ਦੇ ਮੁਕੱਦਮਿਆਂ 'ਚ ਪਹਿਲਾਂ ਹੀ ਜੇਲ 'ਚ ਬੰਦ ਹਨ। ਮੁਲਜ਼ਮ ਹੈਰਇਨ ਲੈ ਕੇ ਸ਼ਾਹਕੋਟ ਵੇਚਣ ਲਈ ਆ ਰਿਹਾ ਸੀ।

ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਮੁਲਜ਼ਮ ਲਖਵੀਰ ਸਿੰਘ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਪਾਸੇ ਨਸ਼ੇ ਦੀ ਸਮੱਗਲਿੰਗ 'ਚ ਸ਼ਾਮਲ ਵਿਅਕਤੀਆਂ ਬਾਰੇ ਅਹਿਮ ਸੁਰਾਗ ਹੱਥ ਲੱਗਣ ਦੀ ਆਸ ਹੈ। ਕਾਬੂ ਕੀਤੇ ਵਿਅਕਤੀ ਵਲੋਂ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਗਈ ਜਾਇਦਾਦ ਦਾ ਵੇਰਵਾ ਵੀ ਹਾਸਲ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਮੁਲਜ਼ਮ ਦੀ ਜਾਇਦਾਦ ਵੀ ਅਟੈਚ ਕੀਤੀ ਜਾਵੇਗੀ।
 

Deepak Kumar

This news is Content Editor Deepak Kumar