ਸ਼ਾਹਕੋਟ ਮੁੱਖ ਮਾਰਗ 24 ਘੰਟੇ ਹੋਇਆ ਰਹਿੰਦੈ ''ਪਾਣੀ-ਪਾਣੀ''

07/22/2017 1:43:18 AM

ਸ਼ਾਹਕੋਟ (ਅਰੁਣ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਦੇਸ਼ ਭਰ 'ਚ 'ਸਵੱਛ ਭਾਰਤ ਮੁਹਿੰਮ' ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਦੇਸ਼ ਭਰ 'ਚ ਸਾਰਥਕ ਨਤੀਜੇ ਵੀ ਦਿਸਣ ਲੱਗੇ ਹਨ ਪਰ ਇਸ ਸਭ ਤੋਂ ਵੱਖ ਸ਼ਾਹਕੋਟ ਸ਼ਹਿਰ 'ਚ ਇਹ ਮੁਹਿੰਮ ਪੂਰੀ ਤਰ੍ਹਾਂ ਨਾਲ ਫੇਲ ਸਾਬਿਤ ਹੋ ਰਹੀ ਹੈ। ਮਾਲਵੇ ਨੂੰ ਦੋਆਬਾ ਨਾਲ ਜੋੜਨ ਵਾਲਾ ਇਹ ਸ਼ਹਿਰ ਵਾਪਰਕ ਪੱਖੋਂ ਪੰਜਾਬ ਭਰ 'ਚ ਮਸ਼ਹੂਰ ਹੈ ਪਰ ਜੇਕਰ ਗੱਲ ਕਰੀਏ ਸ਼ਹਿਰ ਦੇ ਮੁੱਖ ਮਾਰਗ ਦੀ ਤਾਂ ਸਿਰਫ ਇੰਨਾ ਹੀ ਕਹਿਣਾ ਕਾਫੀ ਨਹੀਂ ਹੋਵੇਗਾ ਕਿ ਇਸ ਦੀ ਹਾਲਤ ਕਾਫੀ ਖਸਤਾ ਹੈ ਸਗੋਂ ਸੜਕ ਦੀ ਹਾਲਤ ਖਸਤਾ ਤੋਂ ਵੀ ਖਸਤਾ ਹੈ। ਇਲਾਕੇ ਦੇ ਲੋਕ ਇਸ ਸੜਕ 'ਤੇ ਖੜ੍ਹਦੇ ਪਾਣੀ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਉਨ੍ਹਾਂ ਦੇ ਗੁੱਸੇ ਦਾ ਲਾਵਾ ਕਦੇ ਵੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਫੁੱਟ ਸਕਦਾ ਹੈ।
ਇਲਾਕੇ ਅੰਦਰ ਮੀਂਹ ਪਵੇ ਜਾਂ ਨਾ ਪਰ ਫਿਰ ਵੀ ਇਸ ਸੜਕ 'ਤੇ ਸਥਾਨਕ ਮਾਡਲ ਟਾਊਨ ਨਜ਼ਦੀਕ ਪਾਣੀ 24 ਘੰਟੇ ਖੜ੍ਹਾ ਰਹਿੰਦਾ ਹੈ, ਜਿਸ ਦਾ ਮੁੱਖ ਕਾਰਨ ਸ਼ਹਿਰ ਦੇ ਸੀਵਰੇਜ ਦੀ ਸਹੀ ਢੰਗ ਨਾਲ ਅਜੇ ਤੱਕ ਨਿਕਾਸੀ ਨਾ ਹੋ ਪਾਉਣਾ ਹੈ। ਸਾਰੇ ਸ਼ਹਿਰ ਦੇ ਸੀਵਰੇਜ ਦਾ ਪਾਣੀ ਕਈ ਮਹੀਨਿਆਂ ਤੋਂ ਇਸ ਥਾਂ ਤੋਂ ਅੱਗੇ ਪਾਈਪਾਂ ਰਸਤੇ ਨਹੀਂ ਜਾ ਰਿਹਾ, ਜਿਸ ਕਾਰਨ ਪਾਣੀ ਸੜਕ 'ਤੇ ਹੀ ਖੜ੍ਹਾ ਰਹਿੰਦਾ ਹੈ। ਇਸ ਮੁੱਖ ਮਾਰਗ ਤੋਂ ਅਨੇਕਾਂ ਮੰਤਰੀ ਤੇ ਸਰਕਾਰੀ ਅਧਿਕਾਰੀ ਰੋਜ਼ਾਨਾ ਲੰਘਦੇ ਹਨ ਪਰ ਕਿਸੇ ਨੇ ਵੀ ਰੁਕ ਕੇ ਇਸ ਸੜਕ ਦੀ ਸਾਰ ਨਹੀਂ। 
ਮਾਲਵੇ ਲਈ ਦੋਆਬੇ ਦਾ ਪ੍ਰਵੇਸ਼ ਦੁਆਰ ਮੰਨੀ ਜਾਣ ਵਾਲੀ ਇਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ, ਜੋ ਕਈ ਵਾਰ ਉਕਤ ਥਾਂ 'ਤੇ ਆ ਕੇ ਛੋਟੇ-ਵੱਡੇ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਪਰ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਲੈ ਕੇ ਆਪਣੇ ਕੰਨ 'ਤੇ ਜੂੰ ਸਰਕਣ ਨਹੀਂ ਦਿੱਤੀ। ਇਸ ਮਾਮਲੇ ਨੂੰ ਸ਼ਹਿਰ ਦੇ ਲੋਕ ਕਈ ਵਾਰ ਉਠਾ ਚੁੱਕੇ ਹਨ ਪਰ ਕੋਈ ਅਧਿਕਾਰੀ ਇਸ ਦਾ ਕੋਈ ਪੱਕਾ ਹੱਲ ਨਹੀਂ ਕਰਵਾ ਸਕਿਆ ਹੈ। 
ਸ਼ਰਧਾਲੂਆਂ ਨੂੰ ਵੀ ਲੰਘਣਾ ਪੈ ਰਿਹਾ ਗੰਦੇ ਪਾਣੀ 'ਚੋਂ, ਧਾਰਮਿਕ ਸੰਸਥਾ ਵੱਲੋਂ ਸੰਘਰਸ਼ ਦੀ ਚਿਤਾਵਨੀ

ਹੁਣ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ, ਧਾਰਮਿਕ ਥਾਵਾਂ 'ਤੇ ਪੈਦਲ ਤੇ ਸਾਈਕਲਾਂ 'ਤੇ ਜਾਣ ਵਾਲੇ ਸ਼ਰਧਾਲੂ ਵੀ ਸੜਕ 'ਤੇ ਗੰਦੇ ਪਾਣੀ 'ਚੋਂ ਹੋ ਕੇ ਲੰਘ ਰਹੇ ਹਨ ਤਾਂ ਸ਼ਹਿਰ ਦੀ ਇਕ ਧਾਰਮਿਕ ਸੰਸਥਾ ਜਗਦੰਬੇ ਕਲੱਬ ਸ਼ਾਹਕੋਟ ਨੇ ਇਸ ਪ੍ਰਤੀ ਪ੍ਰਸ਼ਾਸਨ ਨੂੰ ਜਗਾਉਣ ਲਈ ਬੀੜਾ ਚੁੱਕਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਦਾ ਪੱਕਾ ਹੱਲ ਕਰਵਾਇਆ ਜਾ ਸਕੇ। ਸੰਸਥਾ ਦੇ ਮੈਂਬਰ ਰੋਹਿਤ ਮੈਸਨ, ਮਨੀਕਾਂਤ ਧਵਨ,  ਰਿੰਪਲ ਬੱਤਰਾ, ਪ੍ਰਣਵ ਮਲਹੋਤਰਾ, ਬੱਬੂ, ਵਿੱਕੀ, ਮਨੀ ਅਰੋੜਾ, ਰਾਹੁਲ ਪੰਡਿਤ, ਰਾਜੇਸ਼ ਬਹਿਲ, ਮੋਹਿਤ ਗਰਗ, ਜਤਿਨ ਸਿੰਗਲਾ ਤੇ ਅੰਚਿਤ ਗਰਗ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਵੱਲੋਂ ਹਰ ਸਾਲ ਸਾਉਣ ਦੇ ਮਹੀਨੇ ਨਰਾਤਿਆਂ ਮੌਕੇ ਧਾਰਮਿਕ ਥਾਵਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ ਲਾਇਆ ਜਾਂਦਾ ਹੈ ਪਰ ਇਸ ਵਾਰ ਸ਼ਹਿਰ ਦੇ ਸੀਵਰੇਜ ਦਾ ਜੋ ਪਾਣੀ ਸਥਾਨਕ ਮੁੱਖ ਮਾਰਗ 'ਤੇ ਖੜ੍ਹਾ ਹੋ ਰਿਹਾ ਹੈ, ਉਸ ਕਾਰਨ ਸ਼ਹਿਰ ਦੇ ਲੋਕਾਂ ਤੇ ਧਾਰਮਿਕ ਥਾਵਾਂ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਐੱਸ. ਡੀ. ਐੱਮ. ਸ਼ਾਹਕੋਟ ਨੂੰ ਵੀ ਜਾਣੂ ਕਰਵਾਇਆ ਗਿਆ ਸੀ, ਜਿਨ੍ਹਾਂ ਨੇ ਸ਼ਨੀਵਾਰ ਤੱਕ ਕੋਈ ਹੱਲ ਕਰਨ ਬਾਰੇ ਕਿਹਾ ਹੈ। ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਉਹ ਸ਼ਹਿਰ ਦੀਆਂ ਹੋਰ ਧਾਰਮਿਕ, ਸਮਾਜਿਕ ਸੰਸਥਾਵਾਂ ਤੇ ਲੋਕਾਂ ਦੇ ਨਾਲ ਸੀਵਰੇਜ ਦੇ ਪਾਣੀ ਦਾ ਪੱਕਾ ਹੱਲ ਕਰਵਾਉਣ ਲਈ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ।