ਟਰੱਕ ''ਤੇ ਸਵਾਰ ਹੋ ਕੇ ਸੁਖਬੀਰ ਬਾਦਲ ਨੇ ਕੀਤਾ ਸ਼ਾਹਕੋਟ ''ਚ ਰੋਡ ਸ਼ੋਅ (ਵੀਡੀਓ)

05/26/2018 6:36:55 PM

ਜਲੰਧਰ/ਸ਼ਾਹਕੋਟ— ਸ਼ਾਹਕੋਟ ਜ਼ਿਮਨੀ ਚੋਣ 'ਚ ਸਿਰਫ ਦੋ ਦਿਨ ਬਾਕੀ ਰਹਿ ਗਏ ਹਨ। ਸਿਆਸੀ ਪਾਰਟੀਆਂ ਵੱਲੋਂ ਸ਼ਾਹਕੋਟ ਦੀ ਚੋਣ ਨੂੰ ਲੈ ਕੇ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ, ਜਿੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਹੀਆਂ ਤੋਂ ਲੈ ਕੇ ਸ਼ਾਹਕੋਟ ਲਈ ਰੋਡ ਸ਼ੋਅ ਕੀਤਾ ਗਿਆ, ਉਥੇ ਹੀ ਪਿਛਲੇ ਕਈ ਦਿਨਾਂ ਤੋਂ ਸ਼ਾਹਕੋਟ 'ਚ ਡੇਰਾ ਲਗਾਈ ਬੈਠੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਅਕਾਲੀ ਸਮੱਰਥਕਾਂ ਦੇ ਵੱਡੇ ਇਕੱਠ ਨਾਲ ਅੱਜ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਉਮੀਦਵਾਰ ਨਾਇਬ ਸਿੰਘ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ। ਉਨ੍ਹਾਂ ਨੇ ਕੈਪਟਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਏ. ਸੀ. ਰੱਥ 'ਤੇ ਬੈਠ ਕੇ ਚੋਣ ਪ੍ਰਚਾਰ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਦਰਦ ਨੂੰ ਨਹੀਂ ਜਾਣ ਸਕਦੇ ਹਨ।


ਕੈਪਟਨ ਚੋਣ ਪ੍ਰਚਾਰ ਲਈ ਜਿੱਥੇ ਏ. ਸੀ. ਰੱਥ 'ਚ ਸਵਾਰ ਹੋ ਕੇ ਆਏ ਉਥੇ ਹੀ ਸੁਖਬੀਰ ਬਾਦਲ ਵੱਲੋਂ ਟਰੱਕ 'ਤੇ ਰੋਡ ਸ਼ੋਅ ਕੀਤਾ ਗਿਆ। ਇਕ ਪਾਸੇ ਜਿੱਥੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਸ਼ਾਹਕੋਟ ਦੀ ਜ਼ਿਮਨੀ ਚੋਣ ਨੂੰ ਲੈ ਕੇ ਦੱਬ ਕੇ ਪ੍ਰਚਾਰ ਕੀਤਾ ਜਾ ਰਿਹਾ ਉਥੇ ਹੀ 'ਆਪ' ਵੱਲੋਂ ਵੀ ਸ਼ੁੱਕਰਵਾਰ ਰੋਡ ਸ਼ੋਅ ਕਰਕੇ ਪ੍ਰਚਾਰ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ 28 ਮਈ ਨੂੰ ਹੋਣ ਜਾ ਰਹੀ ਹੈ ਅਤੇ ਇਸ ਦੇ ਨਤੀਜੇ ਦਾ ਐਲਾਨ 31 ਮਈ ਨੂੰ ਕੀਤਾ ਜਾਵੇਗਾ।