ਸ਼ਾਹਕੋਟ ਜ਼ਿਮਨੀ ਚੋਣ ''ਚ ਦੇਖੋ ਅਕਾਲੀ ਦਲ ਦੀ ਤੱਕੜੀ ''ਚ ਕੌਣ ਤੁਲਦਾ

03/22/2018 10:59:46 AM

ਸ਼ਾਹਕੋਟ (ਕੁਲਜੀਤ)— ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਜੀਤ ਸਿੰਘ ਕੋਹਾੜ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਣ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੱਡਾ ਧੱਕਾ ਲੱਗਾ ਹੈ, ਉਥੇ ਹੀ ਇਹ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਨੇੜੇ ਆਉਣ ਕਾਰਨ ਸ਼ਾਹਕੋਟ ਇਲਾਕੇ ਦੀਆਂ ਸਿਆਸੀ ਸਰਗਰਮੀਆਂ 'ਚ ਤੂਫਾਨ ਆ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਬਾਦਲ ਵੱਲੋਂ ਹੁਣ ਤੱਕ ਸਿਰਫ ਅਜੀਤ ਸਿੰਘ ਕੋਹਾੜ ਹੀ ਉਮੀਦਵਾਰ ਰਹੇ ਹਨ। ਉਨ੍ਹਾਂ ਖਿਲਾਫ ਅੱਜ ਤੱਕ ਅਕਾਲੀ ਦਲ ਬਾਦਲ ਵੱਲੋਂ ਕਿਸੇ ਨੇ ਵੀ ਆਪਣੀ ਉਮੀਦਵਾਰੀ ਦਾਖਲ ਨਹੀਂ ਕੀਤੀ। ਉਨ੍ਹਾਂ ਦੀ ਮੌਤ ਉਪਰੰਤ ਅਕਾਲੀ ਦਲ ਬਾਦਲ ਵੱਲੋਂ ਜਿੱਥੇ ਅਜੀਤ ਸਿੰਘ ਕੋਹਾੜ ਦੇ ਲੜਕੇ ਨਾਇਬ ਸਿੰਘ ਕੋਹਾੜ ਜਾਂ ਉਨ੍ਹਾਂ ਦੇ ਪੋਤਰੇ ਬਚਿੱਤਰ ਸਿੰਘ ਕੋਹਾੜ ਇਲੈਕਸ਼ਨ ਲੜਨ ਲਈ ਤਿਆਰ ਹਨ, ਉਥੇ ਹੀ ਇਲਾਕੇ ਦੇ ਨੌਜਵਾਨ ਅਕਾਲੀ ਆਗੂ ਰਵਿੰਦਰ ਸਿੰਘ ਟੁਰਨਾ ਵੀ ਵਿਧਾਨ ਸਭਾ ਹਲਕੇ 'ਚ ਪੂਰੀ ਤਰ੍ਹਾਂ ਨਾਲ ਸਰਗਰਮੀ ਫੜ ਚੁੱਕੇ ਹਨ । 
ਇਸ ਜ਼ਿਮਨੀ ਚੋਣ 'ਚ ਅਕਾਲੀ ਦਲ ਬਾਦਲ ਲਈ ਵੀ ਇਸ ਬਾਰ ਉਮੀਦਵਾਰ ਤੈਅ ਕਰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਪਿਛਲੀ ਵਿਧਾਨ ਸਭਾ ਚੋਣ ਸਮੇਂ ਕਾਂਗਰਸ ਨੇ ਕਾਫੀ ਕਸ਼ਮਕਸ਼ ਤੋਂ ਬਾਅਦ ਆਖਰੀ ਸਮੇਂ 'ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ, ਉਸ ਵੇਲੇ ਉਨ੍ਹਾਂ ਨੂੰ ਪ੍ਰਚਾਰ ਲਈ ਥੋੜ੍ਹਾ ਸਮਾਂ ਮਿਲਣ ਕਰ ਕੇ  ਅਤੇ ਲਗਾਤਾਰ ਚਾਰ ਵਾਰ ਜੇਤੂ ਰਹੇ ਕੋਹਾੜ ਨੂੰ ਆਪਣੀ ਪੰਜਵੀਂ ਜਿੱਤ ਨੂੰ ਵੋਟਾਂ ਦੇ ਵੱਡੇ ਫਰਕ 'ਚ ਤਬਦੀਲ ਨਹੀਂ ਕਰ ਸਕੇ। ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਜ਼ਿਆਦਤਾਰ ਰੁਝਾਨ ਸਤਾਧਾਰੀ ਪਾਰਟੀ ਵੱਲ ਹੀ ਹੁੰਦਾ ਹੈ। ਇਸ ਕਰਕੇ ਅਕਾਲੀ ਦਲ (ਬਾਦਲ) ਨੂੰ ਵੀ ਇਸ ਵਾਰ ਆਪਣੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਯੋਗ ਉਮੀਦਵਾਰ ਦਾ ਐਲਾਨ ਕਰਨ ਲਈ ਕਾਫੀ ਮੁਸ਼ਕਲ ਪੇਸ਼ ਆਵੇਗੀ।