ਰਮਜ਼ਾਨ ਦਾ ਪਵਿੱਤਰ ਮਹੀਨਾ ਕੱਲ੍ਹ ਤੋਂ ਸ਼ੁਰੂ, ਨਾਇਬ ਸ਼ਾਹੀ ਇਮਾਮ ਨੇ ਕੈਪਟਨ ਨੂੰ ਕੀਤੀ ਅਪੀਲ

04/24/2020 6:00:08 PM

ਲੁਧਿਆਣਾ (ਨਰਿੰਦਰ) : ਪਵਿੱਤਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਰੋਜ਼ੇ ਰੱਖੇ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਕੀਤਾ ਜਾਵੇ, ਜਿਸ ਨੂੰ ਲੈ ਕੇ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਈ ਹੈ ਕਿ ਸਰਘੀ ਅਤੇ ਅਫਤਾਰੀ ਦੇ ਮੁਤਾਬਕ ਮਸਜਿਦਾਂ ਤੱਕ ਜਾਂ ਸਬੰਧਤ ਇਲਾਕਿਆਂ ਤੱਕ ਫਲ-ਸਬਜ਼ੀਆਂ ਆਦਿ ਸਪਲਾਈ ਕੀਤੀ ਜਾਣ। 


ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਰਮਜ਼ਾਨ ਅਦਾ ਕਰਨ ਦੀ ਵੀ ਆਗਿਆ ਦੇਵੇ ਕਿਉਂਕਿ ਰਮਜ਼ਾਨ ਹੀ ਇੱਕ ਅਜਿਹਾ ਮਾਧਿਅਮ ਹੈ, ਜਿਸ ਨਾਲ ਜਿਨ੍ਹਾਂ ਲੋਕਾਂ ਨੇ ਰੋਜ਼ੇ ਰੱਖੇ ਹਨ, ਉਨ੍ਹਾਂ ਤੱਕ ਖੁਦਾ ਦਾ ਪੈਗ਼ਾਮ ਜਾ ਸਕੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਮਾਂ ਘੱਟ ਹੈ, ਇਸ ਮੁਤਾਬਕ ਪ੍ਰਸ਼ਾਸਨ ਮਸਜਿਦਾਂ ਜਾਂ ਸਬੰਧਤ ਇਲਾਕਿਆਂ 'ਚ ਜਿੱਥੇ ਲੋਕ ਰੋਜ਼ੇ ਰੱਖਦੇ ਹਨ, ਉੱਥੇ ਫਲ ਸਬਜ਼ੀਆਂ ਮੁਹੱਈਆ ਕਰਵਾਏ ਤਾਂ ਜੋ ਉਹ ਆਪਣੀ ਲੋੜ ਮੁਤਾਬਕ ਖਰੀਦ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਰੋਨਾ ਖਿਲਾਫ ਜੋ ਜੰਗ ਲੜ ਰਹੇ ਹਨ, ਮੁਸਲਿਮ ਭਾਈਚਾਰਾ ਵੀ ਇਸ ਜੰਗ 'ਚ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਪਹਿਲਾ ਸੂਬਾ ਬਣੇ, ਜੋ ਕਰੋਨਾ ਤੋਂ ਮੁਕਤ ਹੋਵੇ। 
 

Babita

This news is Content Editor Babita