ਹਰ ਅੱਖ ਰੋਣ ਲੱਗੀ ਜਦੋਂ 5 ਸਾਲ ਦੇ ਪੁੱਤਰ ਨੇ ਦਿੱਤੀ ਸ਼ਹੀਦ ਦੀ ਚਿਤਾ ਨੂੰ ਅਗਨੀ (ਵੀਡੀਓ)

02/16/2019 5:38:47 PM

ਮੋਗਾ (ਵਿਪਨ, ਅਮਿਤ ਸ਼ਰਮਾ)—ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਵਲੋਂ ਸੀ.ਆਰ.ਪੀ. ਐੱਫ ਦੇ ਜਵਾਨਾਂ 'ਤੇ ਕੀਤੇ ਗਏ ਫਿਦਾਈਨ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ 'ਚ ਇਕ ਸੈਨਿਕ ਮੋਗਾ ਕੋਟ ਈਸੇ ਖਾਂ ਦੇ ਪਿੰਡ ਘਲੋਟੀ ਖੁਰਦ ਦਾ ਰਹਿਣ ਵਾਲਾ ਸੀ। ਸ਼ਹੀਦ ਜੈਮਲ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਘਰ ਪਹੁੰਚਾ ਦਿੱਤੀ ਗਈ, ਜਿੱਥੇ ਅੱਜ ਸਰਕਾਰੀ ਸਨਮਾਨਾਂ ਨਾਲ  ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਸਮੇਤ ਕਈ ਹੋਰ ਲੀਡਰ ਵੀ ਮੌਜੂਦ ਰਹੇ। ਜਿਵੇਂ ਹੀ ਮ੍ਰਿਤਕ ਦੇਹ ਜੱਦੀ ਪਿੰਡ ਘਲੋਟੀ ਖੁਰਦ 'ਚ ਪਹੁੰਚੀ ਤਾਂ ਮਾਹੌਲ ਕਾਫੀ ਗਮਗੀਨ ਹੋ ਗਿਆ। ਇਸ ਗਮਗੀਨ ਮਾਹੌਲ 'ਚ ਲੋਕਾਂ ਵਲੋਂ 'ਹਿੰਦੋਸਤਾਨ ਜ਼ਿੰਦਾਬਾਦ' ਅਤੇ 'ਪਾਕਿਸਤਾਨ ਮੁਰਦਾਬਾਦ' ਦੇ ਨਾਅਰੇ ਲਗਾਏ ਗਏ।

ਜ਼ਿਕਰਯੋਗ ਹੈ ਕਿ ਇਸ ਖਬਰ ਦਾ ਪਤਾ ਲੱਗਣ 'ਤੇ ਸੁਮੱਚੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦੇ 5 ਸਾਲ ਦੇ ਪੁੱਤਰ ਨੇ ਪਿਤਾ ਨੂੰ ਸਲਾਮ ਕਰਕੇ ਮੁੱਖ ਅਗਨੀ ਦਿੱਤੀ। ਹਰ ਕਿਸੇ ਦੀਆਂ ਅੱਖਾਂ 'ਚ ਅਥਰੂ ਨਜ਼ਰ ਆਏ। ਸ਼ਹੀਦ ਜੈਮਲ ਸਿੰਘ ਦੇ ਪਿਤਾ ਨੇ ਉਸ ਦੀ ਸ਼ਹਾਦਤ 'ਤੇ ਸਲਾਮ ਕਰਦੇ ਹੋਏ ਕਿਹਾ ਕਿ ਇਨ੍ਹਾਂ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣੀ ਚਾਹੀਦੀ। ਪਾਕਿਸਤਾਨ ਨੂੰ ਇਸ ਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਉਹ ਇਕ ਮਹੀਨਾ ਪਹਿਲਾਂ ਹੀ ਉਨ੍ਹਾਂ ਦਾ ਪੁੱਤਰ ਛੁੱਟੀ 'ਤੇ ਆਇਆ ਸੀ ਅਤੇ ਵਿਆਹ ਸਮਾਰੋਹ 'ਚ ਆਪਣੇ ਪਰਿਵਾਰ ਨੂੰ ਮਿਲ ਕੇ ਗਿਆ ਸੀ।

ਪਿੰਡ ਵਾਸੀ ਜਿੱਥੇ ਆਪਣੇ ਦੇਸ਼ ਲਈ ਜ਼ਿੰਦਗੀ ਕੁਰਬਾਨ ਕਰਨ ਵਾਲੇ ਜੈਮਲ ਸਿੰਘ 'ਤੇ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਉਨ੍ਹਾਂ ਨੂੰ ਇਸ ਗੱਲ ਤੋਂ ਬੇਹੱਦ ਦੁੱਖ ਹੈ ਕਿ ਕੇਂਦਰ ਸਰਕਾਰ ਨੇ ਹਮੇਸ਼ਾਂ ਹੀ ਦਹਿਸ਼ਤਗਰਦਾਂ ਨੂੰ ਉਕਸਾਉਣ ਲਈ ਸਿੱਧੇ ਤੌਰ 'ਤੇ ਜ਼ਿੰਮੇਦਾਰ ਪਾਕਿਸਤਾਨ ਵਿਰੁੱਧ ਨਰਮੀ ਭਰਿਆ ਵਿਵਹਾਰ ਅਪਣਾਇਆ ਹੈ। ਇਸ ਕਾਰਨ ਸਾਡੇ ਦੇਸ਼ ਦੀ ਸਰਹੱਦਾਂ ਦੀ ਰੱਖਿਆ ਕਰਦੇ ਜਵਾਨ ਆਏ ਦਿਨ ਸ਼ਹੀਦ ਹੋ ਰਹੇ ਹਨ।

 

Shyna

This news is Content Editor Shyna