ਸ਼ਹੀਦ ਭਗਤ ਸਿੰਘ ਨੇ ਇਸੇ ਪਿਸਤੌਲ ਨਾਲ ਕੀਤਾ ਸੀ ਸਾਂਡਰਸ ਦਾ ਅੰਤ... (ਵੀਡੀਓ)

09/28/2018 12:33:42 PM

ਫਿਰੋਜ਼ਪੁਰ : ਹਿੰਦੋਸਤਾਨ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ 111ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਦੇਸ਼ ਦੀ ਖਾਤਰ ਉਨ੍ਹਾਂ ਨੇ ਹੱਸਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸ਼ਹੀਦ ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈ ਕੇ ਦੇਸ਼ ਵਾਸੀਆਂ ਨੂੰ ਇਕ ਮਹਾਨ ਖੁਸ਼ੀ ਦਿੱਤੀ ਸੀ ਅਤੇ ਜਿਸ ਪਿਸਤੌਲ ਨਾਲ ਉਨ੍ਹਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ, ਉਹ ਇਤਿਹਾਸਕ ਪਿਸਤੌਲ ਅੱਜ ਵੀ ਬੀ. ਐੱਸ. ਐੱਫ. ਦੇ ਮਿਊਜ਼ੀਅਮ 'ਚ ਰੱਖੀ ਹੋਈ ਹੈ।
ਜਾਣੋ ਇਸ ਪਿਸਤੌਲ ਦਾ ਮਹਾਨ ਇਤਿਹਾਸ
ਇਸ ਪਿਸਤੌਲ ਦਾ ਇਸਤੇਮਾਲ ਸ਼ਹੀਦ ਭਗਤ ਸਿੰਘ ਨੇ ਸਾਲ 1928 'ਚ ਕੀਤਾ ਸੀ। ਅਸਲ 'ਚ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੀ ਅਗਵਾਈ 'ਚ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਮੌਕੇ ਅੰਗਰੇਜ਼ ਅਧਿਕਾਰੀ ਨੇ ਹਿੰਦੋਸਤਾਨੀਆਂ ਦੀ ਆਵਾਜ਼ ਦਬਾਉਣ ਲਈ ਲਾਠੀਚਾਰਜ ਕਰਵਾ ਦਿੱਤਾ। ਗੋਰਿਆਂ ਦੇ ਹਮਲੇ 'ਚ ਲਾਲਾ ਜੀ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ ਅਤੇ 17 ਨਵੰਬਰ, 1928 ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ। ਸ਼ਹੀਦ ਭਗਤ ਸਿੰਘ ਨੇ ਉਸੇ ਸਮੇਂ ਪ੍ਰਣ ਲੈ ਲਿਆ ਕਿ ਉਹ ਅੰਗਰੇਜ਼ੀ ਹਕੂਮਤ ਤੋਂ ਇਸ ਦਾ ਬਦਲਾ ਲੈਣਗੇ। ਇਸ ਦੇ ਠੀਕ ਇਕ ਮਹੀਨੇ ਬਾਅਦ ਸ਼ਹੀਦ ਭਗਤ ਸਿੰਘ ਨੇ ਆਪਣੇ ਸਾਥੀਆਂ ਮਿਲ ਕੇ ਪਿਸਤੌਲ ਨਾਲ ਸਾਂਡਰਸ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ। ਇਸ ਤਰ੍ਹਾਂ ਇਹ ਪਿਸਤੌਲ ਭਾਰਤ ਦੇ ਮਹਾਨ ਇਤਿਹਾਸ 'ਚ ਦਰਜ ਹੋ ਗਈ। ਇਸ ਪਿਸਤੌਲ ਨੂੰ ਦੇਖ ਕੇ ਅਕਸਰ ਲੋਕ ਇਹ ਕਹਿੰਦੇ ਹਨ, 'ਗੋਰੇ ਖੰਘੇ ਸੀ, ਤਾਂ ਹੀ ਟੰਗੇ ਸੀ।'
ਕਿੱਥੇ-ਕਿੱਥੇ ਰੱਖੀ ਗਈ ਪਿਸਤੌਲ 
1969 ਤੱਕ ਇਹ ਪਿਸਤੌਲ ਪੰਜਾਬ ਪੁਲਸ ਅਕਾਦਮੀ ਫਿਲੌਰ ਕੋਲ ਸੀ। ਇਸ ਤੋਂ ਬਾਅਦ ਇਸ ਨੂੰ ਸੈਂਟਰਲ ਸਕੂਲ ਫਾਰ ਵੈਪਨ ਐਂਡ ਟੈਕਟਿਕ ਨੂੰ ਸੌਂਪਿਆ ਗਿਆ। ਸਾਲ 2017 'ਚ ਇਸ ਪਿਸਤੌਲ ਨੂੰ ਬੀ. ਐੱਸ. ਐੱਫ. ਨੂੰ ਟਰਾਂਸਫਰ ਕਰ ਦਿੱਤਾ ਗਿਆ। ਸ਼ਹੀਦ ਭਗਤ ਸਿੰਘ ਦੀ ਇਹ ਇਤਿਹਾਸਕ ਪਿਸਤੌਲ ਅੱਜ ਹੁਸੈਨੀਵਾਲਾ ਬਾਰਡਰ ਦੇ ਬੀ. ਐੱਸ. ਐੱਫ. ਮਿਊਜ਼ੀਅਮ 'ਚ ਰੱਖੀ ਹੋਈ ਹੈ।