ਸ਼ਹੀਦ ਭਗਤ ਸਿੰਘ ਨੇ ਸਾਂਡਰਸ ਦੀ ਮੌਤ ਤੱਕ ਚਲਾਈਆਂ ਸੀ ਗੋਲੀਆਂ

03/23/2018 11:49:59 AM

ਚੰਡੀਗੜ੍ਹ : ਅੱਜ ਪੂਰੇ ਦੇਸ਼ 'ਚ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਸ਼ਹੀਦਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਰਣਨੀਤੀ ਬਣਾਈ ਸੀ। ਇਸ ਮਿਸ਼ਨ ਤਹਿਤ ਇਹ ਫੈਸਲਾ ਕੀਤਾ ਗਿਆ ਸੀ ਕਿ ਕ੍ਰਾਂਤੀਕਾਰੀ ਜਿਸ ਪੁਲਸ ਅਫਸਰ 'ਤੇ ਹਮਲਾ ਕਰੇਗਾ, ਉਹ ਅਫਸਰ ਜਦੋਂ ਤੱਕ ਸੜਕ 'ਤੇ ਦਮ ਨਹੀਂ ਤੋੜੇਗਾ, ਉਦੋਂ ਤੱਕ ਗੋਲੀਆਂ ਚਲਾਵੇਗਾ ਅਤੇ ਕੋਈ ਵੀ ਕ੍ਰਾਂਤੀਕਾਰੀ ਭੱਜੇਗਾ ਨਹੀਂ। ਕ੍ਰਾਂਤੀਕਾਰੀ ਨਹੀਂ ਚਾਹੁੰਦੇ ਸਨ ਕਿ ਗੋਲੀ ਦਾ ਸ਼ਿਕਾਰ ਕੋਈ ਵੀ ਪੁਲਸ ਵਾਲਾ ਹਸਪਤਾਲ 'ਚ ਦਮ ਤੋੜੇ। 
ਇਸ ਰਣਨੀਤੀ ਤਹਿਤ ਸਾਂਡਰਸ ਨੂੰ ਜਦੋਂ ਸ਼ਾਰਪ ਸ਼ੂਟਰ ਰਾਜਗੁਰੂ ਨੇ ਗੋਲੀ ਮਾਰੀ ਤਾਂ ਉਹ ਉੱਥੇ ਹੀ ਡਿਗ ਗਿਆ ਪਰ ਉਸ ਤੋਂ ਬਾਅਦ ਸ. ਭਗਤ ਸਿੰਘ ਸਾਂਡਰਸ 'ਤੇ ਉਸ ਸਮੇਂ ਤੱਕ ਗੋਲੀਆਂ ਚਲਾਉਂਦੇ ਰਹੇ, ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਇਸ ਰਣਨੀਤੀ ਦਾ ਖੁਲਾਸਾ ਸ਼ਹੀਦ ਸੁਖਦੇਵ ਦੀਆਂ ਚਿੱਠੀਆਂ ਤੋਂ ਹੋਇਆ, ਜੋ ਉਨ੍ਹਾਂ ਨੂੰ ਲਾਹੌਰ ਸਥਿਤ ਬੋਸਟਰਲ ਜੇਲ ਤੋਂ ਸੈਂਟਰਲ ਜੇਲ ਲਾਹੌਰ 'ਚ ਟਰਾਂਸਫਰ ਦੇ ਸਮੇਂ ਪ੍ਰਾਪਤ ਹੋਈਆਂ। ਮੂਲ ਚਿੱਠੀਆਂ ਤਾਂ ਅੱਜ ਵੀ ਪਾਕਿਸਤਾਨ ਦੇ ਰਿਕਾਰਡ 'ਚ ਹਨ। ਬੀ. ਐੱਸ. ਐੱਫ. ਨੇ ਸ਼ਹੀਦ-ਏ-ਆਜ਼ਮ ਦੀ ਉਹ ਪਿਸਤੌਲ ਵੀ ਸੰਭਾਲ ਕੇ ਰੱਖੀ ਹੈ, ਜਿਸ ਨਾਲ ਉਨ੍ਹਾਂ ਨੇ ਸਾਂਡਰਸ 'ਤੇ ਗੋਲੀਆਂ ਚਲਾਈਆਂ ਸਨ।