1984 ''ਚ ਸ਼ਹੀਦ ਹੋਏ ਸਿੱਖਾਂ ਦੀ ਯਾਦ ''ਚ 1 ਨਵੰਬਰ ਨੂੰ ਸਿੱਖ ਸੰਗਤਾਂ ਕਰਨ ਨਾਮ ਸਿਮਰਨ - ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

10/31/2017 5:25:39 PM

ਤਲਵੰਡੀ ਸਾਬੋ (ਮੁਨੀਸ਼) - ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਸਿੱਖ ਨੌਜਵਾਨਾਂ ਵੱਲੋਂ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦੇਣ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਿੱਖ ਕਤਲੇਆਮ 'ਚ ਸ਼ਹੀਦ ਹੋਏ ਸਿੱਖਾਂ ਦੀ ਯਾਦ 'ਚ 1 ਨਵੰਬਰ ਨੂੰ ਸਿੱਖ ਸੰਗਤਾਂ ਸ਼ਾਮ ਨੂੰ ਛੇ ਵਜੇ ਘੱਟੋ ਘੱਟ ਇਕ ਮਿੰਟ ਨਾਮ ਸਿਮਰਨ ਜਰੂਰ ਕਰੇ। ਉਕਤ ਵਿਚਾਰਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਉਪਰੰਤ 1 ਤੋਂ 3 ਨਵੰਬਰ ਤੱਕ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਹੋਰਨਾਂ ਸੂਬਿਆਂ ਦੇ ਹਿੱਸਿਆਂ 'ਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਜਿਸ 'ਚ ਹਜਾਰਾਂ ਸਿੰਘ, ਸਿੰਘਣੀਆਂ ਅਤੇ ਭੁਝੰਗੀਆਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸੈਂਕੜੇ ਬੀਬੀਆਂ ਤੇ ਬੇਟੀਆਂ ਦੀ ਪੱਤ ਲੁੱਟ ਲਈ ਗਈ ਪਰ ਸ਼ਰਮਨਾਕ ਇਹ ਹੈ ਕਿ ਉਕਤ ਕਤਲੇਆਮ ਦੇ ਦੋਸ਼ੀ ਅੱਜ ਤੱਕ ਸ਼ਰੇਆਮ ਘੁੰਮ ਫਿਰ ਹੀ ਨਹੀਂ ਰਹੇ ਸਗੋਂ ਸਰਕਾਰੀ ਅਹੁਦਿਆਂ ਦਾ ਆਨੰਦ ਮਾਣ ਰਹੇ ਹਨ ਤੇ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਨਵੰਬਰ 1984 ਦੇ ਕਤਲੇਆਮ ਨੂੰ ਕੋਈ ਵੀ ਸਿੱਖ ਕਦੇ ਵੀ ਭੁਲਾ ਨਹੀ ਸਕਦਾ। ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਕੀਤੀ ਅਪੀਲ ਦੇ ਮੱਦੇਨਜਰ ਦੇਸ਼ ਵਿਦੇਸ਼ 'ਚ ਵੱਸਦਾ ਹਰ ਨਾਨਕ ਨਾਮ ਲੇਵਾ ਸਿੱਖ 1 ਨਵੰਬਰ ਨੂੰ ਸ਼ਾਮ ਛੇ ਵਜੇ ਘੱਟੋ ਘੱਟ ਇੱਕ ਮਿੰਟ ਕਤਲੇਆਮ ਦੇ ਸ਼ਹੀਦ ਸਿੰਘਾਂ ਦੀ ਯਾਦ 'ਚ ਨਾਮ ਸਿਮਰਨ ਜ਼ਰੂਰ ਕਰੇ। ਉਨ੍ਹਾਂ ਕਿਹਾ ਕਿ ਇੱਕ ਮਿੰਟ ਤੋਂ ਵੱਧ ਜਿੰਨਾ ਸਮਾਂ ਵੀ ਕੋਈ ਨਾਮ ਸਿਮਰਨ ਕਰ ਸਕਦਾ ਹੈ ਉਹ ਜ਼ਰੂਰ ਕਰੇ।